ਦੇਵਿੰਦਰ ਸਿੰਘ ਜੱਗੀ
ਪਾਇਲ, 11 ਅਗਸਤ
ਗੁਰੂ ਤੇਗ ਬਹਾਦਰ ਬੱਸ ਸਟੈਂਡ ਪਾਇਲ ਅੰਦਰ ਸਮੇ ਸਮੇ ਦੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀਆਂ ਦੇ ਨਾਵਾਂ ਹੇਠ ਕਰੋੜਾਂ ਰੁਪਏ ਦੀਆਂ ਰਕਮਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਲੱਗੇ ਹੋਏ ਦਿਖਾਈ ਦਿੰਦੇ ਹਨ ਪਰ ਵਿਕਾਸ ਕਿਤੇ ਨਜ਼ਰ ਨਹੀ ਆਉਂਦਾ। ਮੇਨ ਸੜਕ ਤੋਂ ਬਾਜ਼ਾਰ ਤੇ ਬੱਸ ਸਟੈਂਡ ਦੀ ਐਂਟਰੀ ਪੁਆਇੰਟ ’ਤੇ ਕੰਧ ਨਾਲ ਲੱਗੇ ਨੀਂਹ ਪੱਥਰ ਅੱਜ ਪਏ ਥੋੜ੍ਹੇ ਜਿਹੇ ਮੀਂਹ ਦੇ ਪਾਣੀ ਵਿੱਚ ਡੁੱਬੇ ਪਏ ਸਨ। ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਪਾਇਲ ਸ਼ਹਿਰ ਦਾ ਕਰੋੜਾਂ ਦਾ ਵਿਕਾਸ ਸਿਰਫ ਨੀਂਹ ਪੱਥਰਾਂ ਵਿੱਚ ਹੀ ਕੀਤਾ,ਪਰ ਸਹਿਰ ਦਾ ਡੱਕਾ ਵੀ ਵਿਕਾਸ ਨਹੀਂ ਸਗੋਂ ਵਿਨਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਉਂ ਜਿਉਂ ਵੋਟਾਂ ਨੇੜੇ ਆਉਂਦੀਆਂ ਹਨ ਤਾਂ ਸੱਤਾਧਾਰੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਨੀਂਹ ਪੱਥਰਾਂ ’ਤੇ ਕਰੋੜਾਂ ਰੁਪਏ ਦਾ ਵਿਕਾਸ ਉੱਕਰ ਦਿੰਦੇ ਹਨ, ਪਰ ਵਿਕਾਸ ਨੀਂਹ ਪੱਥਰਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੋਈ ਰੋਸ਼ਨੀ ਦਾ ਪ੍ਰਬੰਧ ਨਹੀ, ਪੀਣ ਵਾਲੇ ਪਾਣੀ ਦੀ ਸਪਲਾਈ ਥਾਂ-ਥਾਂ ਤੋਂ ਲੀਕ ਹੋ ਰਹੀ ਹੈ, ਥੋੜ੍ਹੇ ਜਿਹੇ ਮੀਂਹ ਪੈਣ ਨਾਲ ਸੀਵਰੇਜ ਓਵਰਫਲੋਅ ਹੋ ਜਾਂਦਾ। ਸ਼ਹਿਰ ਦੇ ਚਾਰ ਚੁਫੇਰੇ ਗੰਦਗੀ ਦੇ ਢੇਰ, ਸੜਕਾਂ ਦਾ ਬੁਰਾ ਹਾਲ ਹੈ। ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਦੇ ਉੁੱਦਮ ਸਦਕਾ 1 ਕਰੋੜ 4 ਲੱਖ ਰੁਪਏ ਦੀ ਗਰਾਂਟ ਨਾਲ ਪਾਇਲ ਸ਼ਹਿਰ ਦੇ ਵਿਕਾਸ ਕਾਰਜਾਂ, ਧਰਮਸ਼ਾਲਾਵਾਂ ਅਤੇ ਗਊਸ਼ਾਲਾ ਵਿੱਚ ਸ਼ੈੱਡ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਿਆ ਗਿਆ ਹੈ ਪਰ ਲੋਕਾਂ ਨੂੰ ਵਿਕਾਸ ਅਜੇ ਿਕਤੇ ਨਜ਼ਰ ਨਹੀਂ ਆ ਰਿਹਾ।
ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ
ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ 1 ਕਰੋੜ ਰੁਪਏ ਦੀ ਗਰਾਂਟ ਖਰਚ ਕਰਕੇ ਪੂਰੀ ਪਾਰਦਸ਼ਤਾ ਨਾਲ ਵਿਕਾਸ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇ ਅੰਦਰ ਸ਼ਹਿਰ ਦੀ ਨੁਹਾਰ ਬਦਲਣ ਲਈ ਢਾਈ ਕਰੋੜ ਰੁਪਏ ਦੀ ਗਰਾਂਟ ਖਰਚੀ ਜਾਵੇਗੀ।