ਪੱਤਰ ਪ੍ਰੇਰਕ
ਰਾਏਕੋਟ, 13 ਸਤੰਬਰ
ਪਿੰਡ ਰਾਮਗੜ੍ਹ ਸਿਵੀਆ ‘ਚ ਕੈਂਸਰ ਤੋਂ ਪੀੜਤ ਇਕ 25 ਸਾਲਾ ਲੜਕੀ ਵੱਲੋਂ ਆਪਣੀ ਬਿਮਾਰੀ ਤੇ ਆਰਥਕ ਤੰਗੀ ਕਾਰਨ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵੀਰੋ ਕੌਰ ਦੇ ਪਿਤਾ ਧਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਦੀ ਬਿਮਾਰੀ ’ਤੇ ਬਹੁਤ ਖ਼ਰਚ ਹੋ ਜਾਣ ਕਾਰਨ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਦੂਜਾ ਉਸ ਦੀ ਲੜਕੀ ਵੀ ਕੈਂਸਰ ਤੋਂ ਪੀੜਤ ਹੋ ਗਈ ਤੇ ਉਸ ਨੇ ਘਰ ਦੇ ਆਰਥਿਕ ਤੰਗੀ ਤੇ ਬਿਮਾਰੀ ਤੋਂ ਦੁਖੀ ਹੋ ਕੇ ਅਜਿਹਾ ਖੌਫਨਾਕ ਕਦਮ ਚੁੱਕਦੇ ਹੋਏ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਪੁਲੀਸ ਨੇ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਨੌਜਵਾਨ ਨੇ ਖ਼ੁਦਕੁਸ਼ੀ ਕੀਤੀ
ਮਾਛੀਵਾੜਾ (ਪੱਤਰ ਪ੍ਰੇਰਕ): ਇਥੋਂ ਦੀ ਬੈਂਕ ਕਲੋਨੀ ਵਿੱਚ ਬੀਤੀ ਸ਼ਾਮ ਬੱਸ ਚਾਲਕ ਪ੍ਰੇਮ ਸਿੰਘ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿੱਚ ਦੱਸਿਆ ਗਿਆ ਕਿ ਉਸ ਦੇ ਮੋਬਾਈਲ ਵਿਚ 2 ਵੀਡੀਓ’ਜ਼ ਹਨ। ਮਾਛੀਵਾੜਾ ਪੁਲੀਸ ਨੂੰ ਮ੍ਰਿਤਕ ਦੇ ਮੋਬਾਈਲ ਵਿੱਚੋਂ ਮਿਲੀਆਂ ਵੀਡੀਓ’ਜ਼ ਵਿੱਚ ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਪ੍ਰੇਮੀ ਨਵਦੀਪ ਵਾਸੀ ਪਿੰਡ ਝਾਂਡੀਆਂ ਥਾਣਾ ਨੂਰਪੁਰ ਬੇਦੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇ ’ਚ ਲੱਗਦੇ ਭਰਾ ਕਮਲਜੀਤ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਪ੍ਰੇਮ ਸਿੰਘ ਦੇ ਮਾਤਾ-ਪਿਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ। ਬਿਆਨਕਰਤਾ ਅਨੁਸਾਰ ਨੌਜਵਾਨ ਪ੍ਰੇਮ ਸਿੰਘ ਨੇ ਕਰੀਬ 8 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਲੜਕਾ ਵੀ ਪੈਦਾ ਹੋਇਆ ਸੀ। ਪੁਲੀਸ ਨੇ ਭਰਾ ਦੇ ਬਿਆਨਾਂ ’ਤੇ ਨਵਦੀਪ ਖਿਲਾਫ਼ ਕੇਸ ਦਰਜ ਕਰ ਲਿਆ ਹੈ।