ਸਤਵਿੰਦਰ ਬਸਰਾ
ਲੁਧਿਆਣਾ, 25 ਜੁਲਾਈ
ਜੀਕੇ ਮੈਮੋਰੀਅਲ ਸੱਭਿਆਚਾਰਕ ਕਲੱਬ ਵੱਲੋਂ ਸਥਾਨਕ ਗੋਪਾਲ ਨਗਰ ਵਿੱਚ ਤੀਆਂ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਨੌਜਵਾਨ ਕੁੜੀਆਂ ਅਤੇ ਔਰਤਾਂ ਨੇ ਜਿੱਥੇ ਸਾਉਣ ਮਹੀਨੇ ਨਾਲ ਜੁੜੇ ਲੋਕ ਗੀਤ ਗਾਏ, ਉੱਥੇ ਗਿੱਧਾ ਅਤੇ ਕਿੱਕਲੀ ਪਾ ਕੇ ਮਾਹੌਲ ਨੂੰ ਸਭਿਆਚਾਰਕ ਰੰਗ ਵਿੱਚ ਰੰਗੀਂ ਰੱਖਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਨਿਸ਼ਾਨੀ ਵਜੋਂ ਛੱਜ, ਪੱਖੀਆਂ, ਫੁਲਕਾਰੀਆਂ ਅਤੇ ਹੋਰ ਪੁਰਾਤਨ ਵਸਤਾਂ ਦੀ ਨੁਮਾਇਸ਼ ਵੀ ਲਾਈ ਗਈ। ਇਸ ਸਮਾਗਮ ਦੀ ਕੋਆਰਡੀਨੇਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰ ਕੇ ਸੱਭਿਆਚਾਰ ਨੂੰ ਸੰਭਾਲਣ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਪਰਮਿੰਦਰ ਕੌਰ, ਨਿਰਮਲ ਕੌਰ, ਕਮਲਜੀਤ ਕੌਰ, ਨੀਲਮ ਰਾਣੀ ਆਦਿ ਵੀ ਹਾਜ਼ਰ ਸਨ।