ਪੱਤਰ ਪ੍ਰੇਰਕ
ਮਾਛੀਵਾੜਾ, 8 ਸਤੰਬਰ
ਮਾਛੀਵਾੜਾ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਕਾਰੀਗਰ ਸਾਢੇ 5 ਤੋਲਾ ਸੋਨਾ ਲੈ ਕੇ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨੀਵਾਂ ਬਾਜ਼ਾਰ ’ਚ ਪ੍ਰਿੰਸ ਜਿਊਲਰਜ਼ ਦੇ ਮਾਲਕ ਸੁਰਿੰਦਰ ਵਰਮਾ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਉਸ ਕੋਲ ਇੱਕ ਕਾਰੀਗਰ ਸ਼੍ਰੀਕਾਂਤ ਕੰਮ ਕਰ ਰਿਹਾ ਸੀ, ਜਿਸ ਕੋਲ ਉਹ ਆਪਣੇ ਸੋਨੇ ਦੇ ਗਹਿਣੇ ਤਿਆਰ ਕਰਵਾਉਂਦਾ ਰਿਹਾ। 2 ਦਿਨ ਪਹਿਲਾਂ ਉਸਨੇ ਸਾਢੇ 5 ਤੋਲਾ ਸੋਨਾ ਆਪਣੇ ਕਾਰੀਗਰ ਸ਼੍ਰੀਕਾਂਤ ਨੂੰ ਤਿਆਰ ਕਰਨ ਲਈ ਦੇ ਦਿੱਤਾ ਪਰ ਕੱਲ੍ਹ ਬਾਅਦ ਦੁਪਹਿਰ ਅਚਨਚੇਤ ਉਹ ਫ਼ਰਾਰ ਹੋ ਗਿਆ। ਕਾਰੀਗਰ ਸ਼੍ਰੀਕਾਂਤ ਜੋ ਕਿ ਪਿੱਛੋਂ ਬੰਗਾਲ ਦਾ ਰਹਿਣ ਵਾਲਾ ਹੈ, ਖ਼ਿਲਾਫ਼ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਗਈ ਹੈ।