ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਗਸਤ
ਅੱਤ ਦੀ ਗਰਮੀ ਵਿੱਚ ਕੱਟੇ ਬਿਜਲੀ ਕੁਨੈਕਸ਼ਨਾਂ ਦੀ ਮਾਰ ਝੱਲ ਰਹੇ ਗਰੀਬ ਤਬਕੇ ਦੇ ਦਲਿਤ ਪਰਿਵਾਰਾਂ ਦੇ ਕੁਨੈਕਸ਼ਨ ਅੱਜ ਰੋਸ ਪ੍ਰਦਰਸ਼ਨ ਕਰਕੇ ਆਪੇ ਜੋੜੇ ਗਏ। ਸਮਝੌਤੇ ਦੇ ਬਾਵਜੂਦ ਸਰਕਾਰ ਵੱਲੋਂ ਪੱਤਰ ਜਾਰੀ ਨਾ ਕਰਨ ਕਰਕੇ ਇਸ ਵਰਗ ’ਚ ਭਾਰੀ ਰੋਹ ਹੈ ਅਤੇ ਸੋਮਵਾਰ ਨੂੰ ਉਨ੍ਹਾਂ ਪਾਵਰਕੌਮ ਅਧਿਕਾਰੀਆਂ ’ਤੇ ਲਾਈ ਟੇਕ ਛੱਡ ਕੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਪਿੰਡ ਰਸੂਲਪੁਰ ’ਚ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਅਗਵਾਈ ’ਚ ਪਲਾਸ ਲੈ ਕੇ ਇਹ ਕੁਨੈਕਸ਼ਨ ਜੋੜੇ ਗਏ ਜਿਸ ’ਤੇ ਦਲਿਤ ਪਰਿਵਾਰਾਂ ਨੇ ਜਿੱਥੇ ਸੁਖ ਦਾ ਸਾਹ ਲਿਆ ਉਥੇ ਖੁਸ਼ੀ ਵੀ ਮਨਾਈ। ਇਸ ਤਰ੍ਹਾਂ ਦੋ ਪਿੰਡਾਂ ਰਸੂਲਪੁਰ ਤੇ ਮੱਲ੍ਹਾ ’ਚ ਕੁਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਪ੍ਰਦਰਸ਼ਨ ’ਚ ਸ਼ਾਮਲ ਮਰਦ ਔਰਤਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਰਾਹੀਂ ਮਜ਼ਦੂਰਾਂ ਦੇ 9 ਨੁਕਾਤੀ ਮੰਗ ਪੱਤਰ ’ਤੇ ਮੀਟਿੰਗ ਕਰਦਿਆਂ ਕੁਝ ਮੰਗਾਂ ਮੰਨ ਕੇ ਫੌਰੀ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਮੀਟਿੰਗ ’ਚ ਪੰਜਾਬ ਸਰਕਾਰ ਨੇ ਮੰਨਿਆ ਕਿ ਮਜ਼ਦੂਰਾਂ ਦੇ ਲਾਹੇ ਬਿਜਲੀ ਮੀਟਰ ਵਾਪਸ ਕਰਕੇ ਕੱਟੇ ਕੁਨੈਕਸ਼ਨ ਮੁੜ ਬਹਾਲ ਕਰ ਦਿੱਤੇ ਜਾਣਗੇ ਅਤੇ ਮਜ਼ਦੂਰਾਂ ਨੂੰ ਵਧ ਕੇ ਆਏ ਬਿਜਲੀ ਬਿੱਲਾਂ ਦੀ ਉਗਰਾਹੀ ’ਤੇ ਰੋਕ ਲਾ ਕੇ ਪਿਛਲੇ ਬਕਾਏ ਤੋਂ ਬਗੈਰ ਨਵੇਂ ਬਿਜਲੀ ਬਿੱਲ ਭੇਜੇ ਜਾਣਗੇ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੀਟਿੰਗ ਦੇ ਫ਼ੈਸਲੇ ਸਬੰਧੀ ਹਾਲੇ ਤੱਕ ਸਰਕੂਲਰ ਜਾਰੀ ਨਹੀਂ ਕੀਤਾ। ਸਿੱਟੇ ਵਜੋਂ ਪਾਵਰਕੌਮ, ਦਲਿਤ ਗਰੀਬ ਪਰਿਵਾਰਾਂ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਉਨ੍ਹਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟ ਕੇ ਬਿਜਲੀ ਦੀ ਸਹੂਲਤ ਤੋਂ ਵਾਂਝਾ ਕਰ ਰਿਹਾ ਹੈ। ਦਲਿਤ ਗਰੀਬ ਪਰਿਵਾਰਾਂ ਦੀ ਇਸ ਸਮਸਿੱਆ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਅੱਜ ਰਸੂਲਪੁਰ ਅਤੇ ਮੱਲ੍ਹਾ ’ਚ ਜਥੇਬੰਦੀ ਦੀ ਅਗਵਾਈ ’ਚ ਕੱਟੇ ਕੁਨੈਕਸ਼ਨ ਜੋੜਨ ਦੀ ਮੁਹਿੰਮ ਚਲਾਉਣੀ ਪਈ। ਇਸ ਮੌਕੇ ਵੱਡੀ ਗਿਣਤੀ ’ਚ ਔਰਤਾਂ ਅਤੇ ਮਰਦ ਹਾਜ਼ਰ ਸਨ।