ਗਗਨਦੀਪ ਅਰੋੜਾ
ਲੁਧਿਆਣਾ, 18 ਮਾਰਚ
ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਵਿਧਾਨ ਸਭਾ ’ਚ ਲੁਧਿਆਣਾ ਦੀ ਇੰਚਾਰਜ ਰਹੀ ਮੀਨਾਕਸ਼ੀ ਲੇਖੀ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਹੀ ਤੈਅ ਕਰੇਗੀ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਿਸ ਨੂੰ ਮੈਦਾਨ ’ਚ ਉਤਾਰਨਾ ਹੈ। ਭਾਜਪਾ ਵੱਲੋਂ ਜੋ ਵੀ ਉਮੀਦਵਾਰ ਹੋਵੇਗਾ, ਸ਼ਹਿਰ ਦੇ ਸਾਰੇ ਭਾਜਪਾ ਆਗੂ ਤੇ ਵਰਕਰ ਪੂਰੀ ਮਿਹਨਤ ਨਾਲ ਉਸ ਦਾ ਸਾਥ ਦੇਣਗੇ ਅਤੇ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਈ ਜਾਵੇਗੀ। ਦੱਸਣਯੋਗ ਹੈ ਕਿ ਉਹ ਰੇਲਵੇ ਸਟੇਸ਼ਨ ’ਤੇ ਉਤਰਨ ਤੋਂ ਬਾਅਦ ਸਿੱਧਾ ਜਗਰਾਉਂ ਪੁਲ ਕੋਲ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ ਮੱਥਾ ਟੇਕਣ ਪੁੱਜੇ, ਉਥੋਂ ਉਹ ਸਿੱਧਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਕਰ ਲੋਕ ਸਭਾ ਚੋਣਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੰਜਾਬ ’ਚ ਨਸ਼ਾ ਘੱਟ ਹੋਣ ਦੀ ਥਾਂ ਲਗਾਤਾਰ ਹੋਰ ਵੱਧਦਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਦੀ ‘ਆਪ’ ਸਰਕਾਰ ਕੋਲ ਕੋਈ ਉਮੀਦਵਾਰ ਨਹੀਂ ਸੀ ਅਤੇ ਮਜਬੂਰਨ ਉਨ੍ਹਾਂ ਨੂੰ ਆਪਣੇ 5 ਮੰਤਰੀਆਂ ਨੂੰ ਮੈਦਾਨ ’ਚ ਉਤਾਰਨਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੂੰ ਇੱਕ ਵੀ ਸੀਟ ਪੰਜਾਬ ’ਚ ਨਹੀਂ ਮਿਲੇਗੀ। ਲੇਖੀ ਨੇ ਕਿਹਾ ਕਿ ਰੋਜ਼ਾਨਾ ਮੁੱਖ ਮੰਤਰੀ ਦੇ ਘਰ ਬਾਹਰ ਕਿਸਾਨ, ਨਰਸਾਂ ਅਤੇ ਕੱਚੇ ਮੁਲਾਜ਼ਮ ਧਰਨਾ ਦੇਣ ਜਾ ਰਹੇ ਹਨ, ਪਰ ਮੁੱਖ ਮੰਤਰੀ ਮਾਨ ਉਨ੍ਹਾਂ ਦੀ ਸੁਣਨ ਦੀ ਥਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਕੇਂਦਰ ਸਰਕਾਰ ਦੀ ਹਰ ਨੀਤੀ ਲੋਕ ਹਿਤੈਸ਼ੀ ਹੈ।
ਕੇਂਦਰ ਦੀ ਮੋਦੀ ਸਰਕਾਰ ਨੇ ਅਨੇਕਾਂ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਸਿੱਧਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਬਦਲਾਅ ਦਾ ਕੰਮ ਕੀਤਾ ਹੈ, ਲੋਕਾਂ ਨੂੰ ਆਨ ਲਾਈਨ ਤਰੀਕੇ ਨਾਲ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਆਖੀਰ ’ਤੇ ਬੈਠੇ ਵਿਅਕਤੀ ਤੱਕ ਪੁੱਜੇ, ਇਸ ਦੀ ਕੋਸ਼ਿਸ਼ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤੀ ਹੈ। ਇਸ ਮੌਕੇ ਸੂਬਾ ਭਾਜਪਾ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਨੂ ਥਾਪਰ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ, ਬਿਕਰਮ ਸਿੰਘ ਸਿੱਧੂ, ਸੁਖਵਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਡਾ. ਕਨਿਕਾ ਜਿੰਦਲ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਕੁਨਾਲ ਸ਼ਰਮਾ, ਕਰਨ ਗੁਸਾਂਈਂ, ਰਾਜਨ ਪਾਂਡੇ ਸਣੇ ਮੌਜੂਦ ਸਨ।