ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਸਤੰਬਰ
ਕੂੰਮਕਲਾਂ ਸਰਕਾਰੀ ਹਸਪਤਾਲ ਦੀ ਬੰਦ ਪਈ ਪੁਰਾਣੀ ਇਮਾਰਤ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਹੈ ਪਰ ਸਿਹਤ ਵਿਭਾਗ ਤੇ ਪ੍ਰਸ਼ਾਸਨ ਬੇਖ਼ਬਰ ਨਜ਼ਰ ਆ ਰਹੇ ਹਨ। ਪੱਤਰਕਾਰਾਂ ਵੱਲੋਂ ਜਦੋਂ ਕੂੰਮਕਲਾਂ ਹਸਪਤਾਲ ਦੀ ਪੁਰਾਣੀ ਇਮਾਰਤ ਅੰਦਰ ਜਾ ਕੇ ਦੇਖਿਆ ਗਿਆ ਤਾਂ ਤਸਵੀਰ ਕੁੱਝ ਹੋਰ ਹੀ ਨਜ਼ਰ ਆ ਰਹੀ ਸੀ। ਹਸਪਤਾਲ ਦੇ ਬੈੱਡ ’ਤੇ ਨਸ਼ਿਆਂ ਲਈ ਵਰਤਿਆ ਜਾਣ ਵਾਲਾ ਪੇਪਰ ਰੋਲ, ਲਾਈਟਰ ਅਤੇ ਹੋਰ ਸਾਮਾਨ ਬਿਖਰਿਆ ਪਿਆ ਪਿਆ ਸੀ। ਇਮਾਰਤ ਨੇੜੇ ਸ਼ਰਾਬ, ਸੋਡੇ ਤੋਂ ਇਲਾਵਾ ਐਨਰਜੀ ਡਰਿੰਕ ਦੀਆਂ ਖਾਲੀ ਬੋਤਲਾਂ ਵੀ ਪਈਆਂ ਸਨ। ਇਹ ਸਰਕਾਰੀ ਇਮਾਰਤ ਕਾਫ਼ੀ ਸਮੇਂ ਤੋਂ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਸਰਕਾਰੀ ਹਸਪਤਾਲ ਦੀ ਇਮਾਰਤ ਵਿਚ ਨਸ਼ੇੜੀਆਂ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਵਰਤੋਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਨਸ਼ੇੜੀਆਂ ਦੀ ਅੱਡਾ ਬਣੀ ਚੁੱਕੀ ਹਸਪਤਾਲ ਦੀ ਪੁਰਾਣੀ ਇਮਾਰਤ ਤੋਂ ਕੁਝ ਕਦਮ ਦੂਰੀ ’ਤੇ ਹੀ ਨਵੀਂ ਇਮਾਰਤ ਹੈ ਜਿੱਥੇ ਸਰਕਾਰ ਵਲੋਂ ਨਸ਼ਾ ਛੁਡਾਓ ਕੇਂਦਰ ਖੋਲ੍ਹਿਆ ਹੋਇਆ ਹੈ। ਪੁਰਾਣੀ ਇਮਾਰਤ ਵਿਚ ਜਿੱਥੇ ਰੋਜ਼ਾਨਾ ਹੀ ਨਸ਼ੇੜੀ ਆ ਕੇ ਨਸ਼ਾ ਕਰ ਰਹੇ ਹਨ ਉੱਥੇ ਨਵੀਂ ਇਮਾਰਤ ਵਿਚ ਨਸ਼ਾ ਛੁਡਾਉਣ ਦੀ ਦਵਾਈ ਦਿੱਤੀ ਜਾ ਰਹੀ ਹੈ।
ਹਸਪਤਾਲ ਕੋਲ ਕੋਈ ਚੌਕੀਦਾਰ ਨਹੀਂ: ਐੱਸਐੱਮਓ
ਕੂੰਮਕਲਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੁਪਿੰਦਰ ਸਿੰਘ ਗਿੱਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਹਸਪਤਾਲ ਦੀ ਨਵੀਂ ਤੇ ਪੁਰਾਣੀ ਇਮਾਰਤ ਵਿਚ ਦੇਖਰੇਖ ਕਰਨ ਲਈ ਕੋਈ ਚੌਕੀਦਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਇੱਥੇ ਨਸ਼ਾ ਕਰਨ ਵਾਲੇ ਆਉਂਦੇ ਹਨ ਤਾਂ ਉਨ੍ਹਾਂ ਨੇ ਰੋਕਥਾਮ ਦੇ ਯਤਨ ਵੀ ਕੀਤੇ ਸਨ। ਡਾ. ਗਿੱਲ ਨੇ ਕਿਹਾ ਕਿ ਉਹ ਸਰਕਾਰੀ ਇਮਾਰਤ ਵਿਚ ਨਸ਼ੇੜੀਆਂ ਦੇ ਦਾਖ਼ਲੇ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣਗੇ