ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਸਤੰਬਰ
ਗੁਰੂ ਤੇਗ਼ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਬਚਾਓ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਕੇ ਦੋਸ਼ ਲਾਇਆ ਕਿ ਚੈਰੀਟੇਬਲ ਹਸਪਤਾਲ ਨੂੰ ਨਵਿਆਉਣ ਦੇ ਨਾਮ ’ਤੇ ਕਾਰਪੋਰੇਟ ਘਰਾਣਿਆਂ ਹੱਥ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਸਬੰਧੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਹਸਪਤਾਲ ਬਚਾਓ ਕਮੇਟੀ ਦੇ ਵਫ਼ਦ ਵਿੱਚ ਕਮੇਟੀ ਮੈਂਬਰ ਸਲੋਚਨਬੀਰ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਰਾਜਧਾਨੀ ਅਤੇ ਅੰਮ੍ਰਿਤਪਾਲ ਸਿੰਘ ਲੁਧਿਆਣਾ ਨੇ ਅੰਮ੍ਰਿਤਸਰ ਵਿਖੇ ਸਿੰਘ ਸਾਹਿਬ ਨੂੰ ਦੱਸਿਆ ਕਿ ਚੈਰੀਟੇਬਲ ਹਸਪਤਾਲ ਦੀ ਇਸ ਕਾਰਵਾਈ ਨੂੰ ਲੈ ਕੇ ਸਿੱਖ ਸੰਸਥਾਵਾਂ ਅਤੇ ਲੁਧਿਆਣਾ ਸ਼ਹਿਰ ਵਾਸੀਆਂ ਵਿੱਚ ਕਾਫ਼ੀ ਰੋਸ ਹੈ। ਉਨ੍ਹਾਂ ਇਸ ਸਾਰੇ ਮਾਮਲੇ ਬਾਰੇ ਸਿੰਘ ਸਾਹਿਬ ਨੂੰ ਪੈਦਾ ਹੋਏ ਹਾਲਾਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਫ਼ਦ ਨੇ ਸਿੱਖ ਕੌਮ ਦੇ ਇਸ ਅਦਾਰੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਨਾਲ ਜਿਥੇ ਇਲਾਜ ਮਹਿੰਗਾ ਹੋਣ ਬਾਰੇ ਦੱਸਿਆ ਉਥੇ ਹਸਪਤਾਲ ਅੰਦਰ ਬਣੇ ਗੁਰਦੁਆਰਾ ਸਾਹਿਬ ਨੂੰ ਵੀ ਨਵੀਨੀਕਰਨ ਦੇ ਨਾਮ ਹੇਠ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ।