ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਮਈ
ਕੈਲਾਸ਼ ਨਗਰ ਇਲਾਕੇ ’ਚ ਉਸ ਵੇਲੇ ਭਾਜੜ ਮਚ ਗਈ, ਜਦੋਂ ਇੱਕ ਨੌਜਵਾਨ ਨੇ ਘਰ ’ਚ ਜਾਇਦਾਦ ’ਚੋਂ ਹਿੱਸਾ ਨਾ ਮਿਲਣ ’ਤੇ ਘਰ ’ਚ ਅੱਗ ਲਾ ਦਿੱਤੀ। ਇਸ ਦੌਰਾਨ ਉਸ ਦੇ ਪਿਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਜਿਸ ਤੋਂ ਬਾਅਦ ਨੌਜਵਾਨ ਉਥੋਂ ਚਲਾ ਗਿਆ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਪਰ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਕੋਈ ਕਾਰਵਾਈ ਨਾ ਕਰਵਾਉਣ ਲਈ ਲ਼ਿਖ ਕੇ ਦੇ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਫਿਰ ਵੀ ਆਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਵੱਡੇ ਲੜਕੇ ਰਵੀ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਾਇਦਾਦ ’ਚੋਂ ਹਿੱਸਾ ਲੈਣ ਲਈ ਰੋਜ਼ਾਨਾ ਕਲੇਸ਼ ਕਰਦਾ ਸੀ। ਅੱਜ ਵੀ ਉਹ ਪਿਤਾ ਤੋਂ ਜ਼ਮੀਨ ’ਚ ਹਿੱਸਾ ਮੰਗਣ ਆਇਆ ਸੀ। ਪਿਤਾ ਨੇ ਜਦੋਂ ਉਸ ਦਾ ਵਿਰੋਧ ਕੀਤਾ ਤਾਂ ਦੋਹਾਂ ਵਿੱਚ ਹੱਥੋਪਾਈ ਹੋ ਗਈ। ਛੋਟੇ ਲੜਕੇ ਨੇ ਪਿਤਾ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਪਿਤਾ ਨੂੰ ਕਾਫ਼ੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਛੋੋਟੇ ਲੜਕੇ ਨੇ ਉਸ ਦੇ ਘਰ ਨੂੰ ਕਥਿਤ ਅੱਗ ਲਾ ਦਿੱਤੀ ਜਿਸ ਕਾਰਨ ਸਾਰਾ ਘਰ ਸੜ ਕੇ ਸੁਆਹ ਹੋ ਗਿਆ। ਥਾਣਾ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਹੈ। ਫਿਰ ਵੀ ਜਾਂਚ ਕੀਤੀ ਜਾ ਰਹੀ ਹੈ।