ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਕਤੂਬਰ
ਇੱਥੋਂ ਨੇੜਲੇ ਪਿੰਡ ਤਲਵੰਡੀ ਕਲਾਂ ਵਿੱਚ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੌਕੇ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਮਾਮਲਾ ਵਿਚਾਰਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਖ਼ਜ਼ਾਨਚੀ ਮਨਮੋਹਣ ਸਿੰਘ ਪੰਡੋਰੀ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਕਿਹਾ ਕਿ ਕੁਲਵੰਤ ਕੌਰ ਕਤਲ ਕਾਂਡ ਬਾਰੇ ਏਆਈਜੀ ਜਲੰਧਰ ਦੀ ਕਮਾਂਡ ਹੇਠਲੀ ਸਿੱਟ ਵੱਲੋਂ ਰਿਪੋਰਟ ਪੰਜ ਮਹੀਨੇ ਬੀਤਣ ਉਪਰੰਤ ਡੀਜੀਪੀ ਨੂੰ 11 ਤਰੀਕ ਨੂੰ ਸੌਂਪ ਦਿੱਤੀ ਹੈ, ਜਿਸ ਨੂੰ ਉਨ੍ਹਾਂ ਨੇ ਆਈਜੀ ਲੁਧਿਆਣਾ ਨੂੰ ਮੁੜ ਘੋਖਣ ਲਈ ਭੇਜ ਦਿੱਤੀ ਹੈ। ਇਸ ਮੁੱਦੇ ’ਤੇ ਸੰਘਰਸ਼ਸ਼ੀਲ 12 ਜਥੇਬੰਦੀਆਂ ਦਾ ਵਿਸ਼ੇਸ਼ ਵਫ਼ਦ ਜਲਦ ਆਈਜੀ ਲੁਧਿਆਣਾ ਨੂੰ ਮਿਲ ਕੇ ਨਾਮਜ਼ਦ ਮੁਲਜ਼ਮ ਡੀਐਸਪੀ ਤੇ ਤਿੰਨ ਹੋਰਨਾਂ ਦੀ ਤੁਰੰਤ ਗ੍ਰਿਫ਼ਤਾਰੀ ਹਰ ਹਾਲਤ ਯਕੀਨੀ ਬਣਾਉਣ ਲਈ ਜ਼ੋਰਦਾਰ ਮੰਗ ਕਰੇਗਾ ਤਾਂ ਜੋ 18 ਸਾਲ ਤੋਂ ਪੀੜਤ ਪਰਿਵਾਰ ਨੂੰ ਇਨਸਾਫ਼ ਪ੍ਰਾਪਤ ਹੋ ਸਕੇ। ਮਤੇ ਰਾਹੀਂ ਜਥੇਬੰਦੀ ਨੇ ਐਲਾਨ ਕੀਤਾ ਕਿ ਇਸ ਹੱਕੀ ਘੋਲ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਦਾ ਨਵਾਂ ਸਿਲਸਿਲਾ ਤੁਰੰਤ ਵਿੱਢ ਦਿੱਤਾ ਜਾਵੇਗਾ। ਦੂਜੇ ਮਤੇ ਰਾਹੀਂ ਫ਼ੈਸਲਾ ਕੀਤਾ ਗਿਆ ਕਿ ਇਲਾਕੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਤੁਰੰਤ ਖਰੀਦ ਅਤੇ ਲਿਫਟਿੰਗ ਯਕੀਨੀ ਬਣਾਉਣ ਲਈ ਦੇ ਕਾਰਜਾਂ ਦੀ ਨਿਗਰਾਨੀ ਲਈ ਆਗੂਆਂ ਤੇ ਵਰਕਰਾਂ ਦੀਆਂ ਬਕਾਇਦਾ ਡਿਊਟੀਆਂ ਲਾਈਆਂ ਗਈਆਂ ਹਨ। ਤੀਜੇ ਮਤੇ ਰਾਹੀਂ ਮਹਾਨ ਦੇਸ਼ ਭਗਤ ਗਦਰੀ ਯੋਧੇ ਬਾਬਾ ਹਰੀ ਸਿੰਘ ਉਸਮਾਨ (ਬੱਦੋਵਾਲ) ਦੀ ਯਾਦ ਵਿੱਚ 20 ਅਕਤੂਬਰ ਵੀਰਵਾਰ ਨੂੰ ਸਵੇਰੇ 10 ਵਜੇ ਜਨਮ ਦਿਵਸ ਸਮਾਗਮ ਲਈ ਬੱਦੋਵਾਲ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਪੁੱਜਣ ਦਾ ਫ਼ੈਸਲਾ ਹੋਇਆ। ਮੀਟਿੰਗ ਜਥੇਦਾਰ ਗੁਰਮੇਲ ਸਿੰਘ ਢੱਟ, ਤੇਜਿੰਦਰ ਸਿੰਘ ਬਿਰਕ, ਸਰਵਿੰਦਰ ਸਿੰਘ ਸੁਧਾਰ, ਅਮਰ ਸਿੰਘ ਖੰਜਰਵਾਲ, ਸੁਰਜੀਤ ਸਿੰਘ ਸਵੱਦੀ, ਪਰਦੀਪ ਕੁਮਾਰ, ਪਰਮਿੰਦਰ ਸਿੰਘ ਪੰਡੋਰੀ, ਪ੍ਰਿਤਪਾਲ ਸਿੰਘ ਪੰਡੋਰੀ, ਧਰਮ ਸਿੰਘ ਸੋਹੀਆਂ ਅਤੇ ਜਸਵੰਤ ਸਿੰਘ ਮਾਨ ਹਾਜ਼ਰ ਸਨ।