ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਅਕਤੂਬਰ
ਨਜ਼ਦੀਕੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ ‘ਹਵਾਲਾਤ’ ਉੱਤੇ ਵਿਚਾਰ-ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰੋ. ਇੰਦਰਪਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਜੀਤ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰਿੰ. ਕੁਲਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਪੇਪਰ ਪੜ੍ਹੇ ਅਤੇ ਸੰਵਾਦ ਰਚਾਇਆ। ਮੰਚ ਸੰਚਾਲਕ ਪ੍ਰੋ. ਜਤਿੰਦਰਪਾਲ ਕੌਰ ਨੇ ਨਾਵਲ ਬਾਰੇ ਦੱਸਿਆ ਭੂਮਿਕਾ ਪੇਸ਼ ਕੀਤੀ। ਮਿੱਤਰ ਸੈਨ ਮੀਤ ਨੇ ਕਿਹਾ ਕਿ ਨਾਵਲ ‘ਹਵਾਲਾਤ’ ਇਕ ਅਜਿਹਾ ਦਸਤਾਵੇਜ਼ ਹੈ ਜਿਸ ਦੀ ਸਮਾਂ ਬੀਤਣ ਨਾਲ ਮਹੱਤਤਾ ਹੋਰ ਵੀ ਵਧਦੀ ਜਾਵੇਗੀ। ਪ੍ਰੋ. ਇੰਦਰਪਾਲ ਸਿੰਘ ਨੇ ਕਿਹਾ ਕਿ ਨਾਵਲ ਵਿੱਚ 1984 ਤੋਂ 1994 ਤੱਕ ਦੇ ਪੰਜਾਬ ਦੇ ਹਾਲਾਤਾਂ ਦਾ ਵਰਨਣ ਕੀਤਾ ਗਿਆ ਹੈ। ਪ੍ਰੋ. ਗੁਰਪ੍ਰੀਤ ਸਿੰਘ ਨੇ ਕਿਹਾ ਕੇ ਨਾਵਲ ਵਿੱਚ ਪੇਸ਼ ਮੂਲ ਸਮੱਸਿਆ ਦੇ ਬੀਜ, 1947 ਦੀ ਦੇਸ਼ ਵੰਡ ਦੀਆਂ ਘਟਨਾਵਾਂ ਵਿੱਚ ਪਏ ਹਨ।
ਪ੍ਰੋ. ਹਰਜੀਤ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਬਦਨੀਤੀਆਂ, ਪੁਲੀਸ ਪ੍ਰਸ਼ਾਸਨ ਦੀਆਂ ਕਾਨੂੰਨ ਨੂੰ ਛਿੱਕੇ ਟੰਗਣ ਦੀਆਂ ਜ਼ਿਆਦਤੀਆਂ ਅਤੇ ਆਮ ਆਦਮੀ ਦੀ ਜ਼ਿੰਦਗੀ ਦੀ ਤਰਜ਼ਮਾਨੀ ਕਰਦਾ ਇਹ ਨਾਵਲ ਹਰ ਇਨਸਾਨ ਨੂੰ ਆਪਣੀ ਕਹਾਣੀ ਲਗਦਾ ਹੈ। ਪ੍ਰੋ. ਅਮਨਦੀਪ ਕੌਰ ਨੇ ਨਾਵਲ ਦੀਆਂ ਕਲਾਤਮਿਕ ਜੁਗਤਾਂ ’ਤੇ ਝਾਤ ਪਾਈ। ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਇਹ ਨਾਵਲ ਉਸ ਦੀ ਹੱਡਬੀਤੀ ਹੈ, ਜੋ ਇਕੱਲੇ ਉਸ ਦੇ ਹੀ ਨਹੀਂ, ਸਗੋਂ ਉਸ ਦੌਰ ਦੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੀ ਕਹਾਣੀ ਬਿਆਨਦਾ ਹੈ।