ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਸਤੰਬਰ
ਗੋਬਿੰਦਗੜ੍ਹ ਅਤੇ ਖੰਨਾ ਦੇ ਲੋਹਾ ਮਿੱਲਾਂ ਤੇ ਫਰਨੇਸ ਮਾਲਕਾਂ ਨੂੰ ਉਦਯੋਗਾਂ ਸਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਨੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਉਦਯੋਗਪਤੀਆਂ ਨੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਤੇ ਹੋਰ ਸਮੱਸਿਆਵਾਂ ਸਬੰਧੀ ਵਿਧਾਇਕ ਨੂੰ ਜਾਣੂ ਕਰਵਾਇਆ।
ਉਨ੍ਹਾਂ ਮੰਗ ਕੀਤੀ ਕਿ ਪ੍ਰਦੂਸ਼ਣ ਨੂੰ ਰੋਕਣ ਤੇ ਨਾਂ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਬਾਅ ਹੇਠ ਖੰਨਾ ਤੇ ਮੰਡੀ ਗੋਬਿੰਦਗੜ੍ਹ ਇਲਾਕੇ ਦੀਆਂ ਲੋਹਾ ਮਿੱਲਾਂ ਤੇ ਫਰਨੇਸਾਂ ਵਿੱਚ ਕੋਇਲਾ ਤੇ ਫਰਨੇਸ ਆਇਲ ਨੂੰ ਬਾਲਣ ਵਜੋਂ ਵਰਤਣ ’ਤੇ ਰੋਕ ਲਗਾ ਕੇ ਪੀਐਨਜੀ ਗੈਸ ਦਾ ਇਸਤੇਮਾਲ ਲਾਜ਼ਮੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੈਸ ਸਪਲਾਈ ਕਰਨ ਵਾਲੀ ਆਈਆਰਐੱਮ ਕੰਪਨੀ ਤੇ ਖੰਨਾ ਦੀ ਥਿੰਕ ਗੈਸ ਕੰਪਨੀ ਮਨਮਰਜ਼ੀ ਨਾਲ ਢੰਗ ਨਾਲ ਗੈਸ ਦੇ ਰੇਟ ਵਧਾਉਣ ਲੱਗ ਗਈਆਂ ਹਨ, ਜਿਸ ਕਾਰਨ ਮਿੱਲਾਂ ਵਿਚ ਲੋਹ ਉਤਪਾਦਨ ਦੀ ਲਾਗਤ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਹਾ ਉਦਯੋਗ ਬਚਾਉਣ ਲਈ ਮਨਮਾਨੇ ਢੰਗ ਨਾਲ ਪੀਐੱਨਜੀ ਗੈਸ ਦੇ ਰੇਟ ਵਧਾਉਣ ਵਾਲੀਆਂ ਕੰਪਨੀਆਂ ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਸੌਂਦ ਨੇ ਉਦਯੋਗਪਤੀਆਂ ਨੂੰ ਜਲਦ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ।