ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਜੁਲਾਈ
ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਜਗਰਾਉਂ ਦੇ ਨੇੜੇ ਬਣੇ ਪੁਲਾਂ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਦਰਜਨ ਭਰ ਬੋਰਾਂ ਦਾ ਮਾਮਲਾ ਹਾਲੇ ਚੱਲ ਹੀ ਰਿਹਾ ਸੀ ਕਿ ਹੁਣ ਨਜ਼ਦੀਕੀ ਇਕ ਰਿਫਾਈਨਰੀ ਵੱਲੋਂ ਗੰਦਾ ਪਾਣੀ ਧਰਤੀ ਹੇਠਾਂ ਪਾਉਣ ਦਾ ਮਾਮਲਾ ਭਖਣ ਲੱਗਿਆ ਹੈ। ਰਿਫਾਈਨਰੀ ਦੇ ਨੇੜਲੇ ਖੇਤਾਂ ਦੇ ਮਾਲਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀਆਂ ਮੋਟਰਾਂ ’ਚੋਂ ਗੰਦਾ ਪਾਣੀ ਆਉਂਦਾ ਹੈ। ਕਿਸਾਨ ਦਵਿੰਦਰ ਸਿੰਘ, ਹਰਚਰਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਮੋਟਰ ਚਲਾਉਣ ਸਮੇਂ ਸ਼ੁਰੂ ’ਚ ਕੁਝ ਮਿੰਟ ਦੂਸ਼ਿਤ ਅਤੇ ਭੂਰੇ ਰੰਗ ਦਾ ਪਾਣੀ ਆਉਂਦਾ ਹੈ। ਉਨ੍ਹਾਂ ਇਸ ਲਈ ਰਿਫਾਈਨਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਾਇਆ ਹੈ ਕਿ ਇਸ ਸਨਅਤ ਵੱਲੋਂ ਸਾਰਾ ਗੰਦਾ ਤੇ ਰਸਾਇਣਕ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਕਰ ਕੇ ਦੂਸ਼ਿਤ ਪਾਣੀ ਮੋਟਰਾਂ ’ਚੋਂ ਆਉਣਾ ਸ਼ੁਰੂ ਹੋ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਇਸ ਨੂੰ ਜ਼ੀਰਾ ਸ਼ਰਾਬ ਫੈਕਟਰੀ ਵਾਂਗ ਅਤਿ ਗੰਭੀਰ ਮਾਮਲਾ ਦੱਸਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮੁਫਾਦਾਂ ਅਤੇ ਮੋਟੀ ਕਮਾਈ ਲਈ ਲੋਕਾਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ। ਰਿਫਾਈਨਰੀ ਦੇ ਨਾਲ ਲੱਗੀਆਂ ਕਿਸਾਨਾਂ ਦੀਆਂ ਮੋਟਰਾਂ ’ਚੋਂ ਨਿਕਲਦਾ ਗੰਦਾ ਪਾਣੀ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਹੁਣੇ ਹੀ ਜੇਕਰ ਕਦਮ ਨਾ ਚੁੱਕੇ ਗਏ ਅਤੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ’ਚ ਸਮੁੱਚਾ ਇਲਾਕਾ ਇਸ ਤੋਂ ਪ੍ਰਭਾਵਿਤ ਹੋ ਜਾਵੇਗਾ। ਨਾਲ ਵੱਸਦੇ ਕਈ ਪਿੰਡਾਂ ਦੇ ਲੋਕ, ਉਨ੍ਹਾਂ ਦਾ ਪਸ਼ੂ ਧਨ ਅਤੇ ਫ਼ਸਲਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੀਆਂ। ਉਨ੍ਹਾਂ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਜ਼ੀਰਾ ਮੋਰਚੇ ਦੀ ਤਰਜ ’ਤੇ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰ ਕੇ ਵੱਡਾ ਮੋਰਚਾ ਲਾਇਆ ਜਾਵੇਗਾ।