ਜਸਬੀਰ ਸ਼ੇਤਰਾ
ਜਗਰਾਉਂ, 25 ਅਗਸਤ
ਜ਼ਿਲ੍ਹੇ ਦੇ ਵੱਡੇ ਪਿੰਡਾਂ ਵਿੱਚ ਸ਼ੁਮਾਰ ਮਾਣੂੰਕੇ ਵਿਚਲੇ ਅਧੂਰੇ ਪਏ ਵਿਕਾਸ ਕਾਰਜਾਂ ਦੀ ਪੂਰਤੀ ਤੇ ਸਮੱਸਿਆਵਾਂ ਦੇ ਹੱਲ ਲਈ ਪਿੰਡ ਦੀਆਂ ਬੀਬੀਆਂ ਅੱਜ ਇਥੇ ਬੀਡੀਪੀਓ ਦਫ਼ਤਰ ਪੁੱਜੀਆਂ। ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਗੈਰਮੌਜੂਦਗੀ ਵਿੱਚ ਹਾਜ਼ਰ ਮੁਲਾਜ਼ਮਾਂ ਨੂੰ ਮੰਗ-ਪੱਤਰ ਸੌਂਪ ਕੇ ਜ਼ਰੂਰੀ ਵਿਕਾਸ ਕਾਰਜ ਫੌਰੀ ਮੁਕੰਮਲ ਕਰਨ ਅਤੇ ਪੀਣ ਵਾਲੇ ਪਾਣੀ ਦੀ ਦਰਪੇਸ਼ ਸਮੱਸਿਆ ਦਾ ਹੱਲ ਕਰਨ ’ਤੇ ਜ਼ੋਰ ਦਿੱਤਾ। ਮਹਿਲਾ ਆਗੂ ਗੁਰਦੀਪ ਕੌਰ ਦੀ ਅਗਵਾਈ ਵਿੱਚ ਪੁੱਜੀਆਂ ਇਨ੍ਹਾਂ ਬੀਬੀਆਂ ਨੇ ਕਿਹਾ ਕਿ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਸਰਵਜੀਤ ਕੌਰ ਮਾਣੂੰਕੇ ਇਸੇ ਪਿੰਡ ਦੇ ਜੰਮਪਲ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਬਾਹਰ ਅੰਦਰ ਜਾਣ ਵਾਲੀ ਥਾਂ ’ਤੇ ਪੁੱਟੇ ਜਾ ਰਹੇ ਵੱਡੇ ਟੋਏ ਨੂੰ ਪਿੰਡ ਵਾਸੀਆਂ ਨੇ ਰੁਕਵਾ ਦਿੱਤਾ ਹੈ ਤੇ ਹੁਣ ਇਸ ਥਾਂ ’ਤੇ ਟੋਏ ਭਰ ਕੇ ਬੂਟੇ ਲਾਏ ਜਾਣ। ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪ ਵਿੱਚ ਲੀਕੇਜ ਹੈ ਜਿਸ ਕਰਕੇ ਅਕਸਰ ਦੂਸ਼ਿਤ ਪਾਣੀ ਵੀ ਘਰਾਂ ਤੱਕ ਪਹੁੰਚਦਾ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸ਼ੁੱਧ ਪਾਣੀ ਦੀ ਸਪਲਾਈ ਹੋਣ ਦੇ ਬਾਵਜੂਦ ਇਸ ਅਣਗਹਿਲੀ ਕਾਰਨ ਪਾਣੀ ਅਸ਼ੁੱਧ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਵਾਂਗ ਮਾਣੂੰਕੇ ਦੇ ਛੱਪੜ ਵੀ ਭਰ ਗਏ ਹਨ ਤੇ ਜਿਹੜਾ ਇਕ ਬਚਿਆ ਹੈ ਉਸ ਵਿੱਚ ਨਾਲੀਆਂ ਦਾ ਪਾਣੀ ਪੈਂਦਾ ਹੈ। ਇਹ ਪਾਣੀ ਗੰਦਾ ਹੋਣ ਕਾਰਨ ਮੱਛੀਆਂ ਮਰਨ ਲੱਗ ਪਈਆਂ ਤੇ ਮੱਛੀ ਪਾਲਕ ਠੇਕੇਦਾਰ ਕੰਮ ਛੱਡ ਗਿਆ। ਇਸ ਲਈ ਨਾਲੀਆਂ ਦਾ ਪਾਣੀ ਛੱਪੜ ਵਿੱਚ ਪਾਉਣਾ ਬੰਦ ਕਰਕੇ ਇਹ ਪਾਣੀ ਖੇਤੀ ਯੋਗ ਬਣਾਇਆ ਜਾਵੇ ਤੇ ਛੱਪੜ ਦਾ ਪਾਣੀ ਮੱਛੀਆਂ ਲਈ ਸੁਰੱਖਿਅਤ ਕੀਤਾ ਜਾਵੇ। ਬਾਰਿਸ਼ਾਂ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਹੱਡਾ ਰੋੜੀ ਦੀ ਚਾਰਦੀਵਾਰੀ ਕਰਵਾਉਣ ਅਤੇ ਲਾਵਾਰਸ ਕੁੱਤਿਆਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰ ਮੰਗਾਂ ਦੀ ਵੀ ਗੱਲ ਹੋਈ।
ਬੀਡੀਪੀਓ ਨੂੰ ਪਿੰਡ ਵਾਸੀਆਂ ਦੀ ਮੰਗ ਪੂਰੀ ਕਰਨ ਲਈ ਕਿਹਾ:ਮਾਣੂੰਕੇ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਕਹਿਣਾ ਸੀ ਕਿ ਉਹ ਪਰਸੋਂ ਹੀ ਪਿੰਡ ਦੀ ਸੱਥ ਵਿੱਚ ਬੈਠ ਕੇ ਲੋਕਾਂ ਨਾਲ ਗੱਲਬਾਤ ਕਰਕੇ ਆਏ ਹਨ। ਕੁਝ ਪਿੰਡਾਂ ਵਾਸੀਆਂ ਦਾ ਸਰਪੰਚ ਨਾਲ ਗਿਲ਼ਾ ਸ਼ਿਕਵਾ ਹੋ ਸਕਦਾ ਹੈ ਪਰ ਜਦੋਂ ਉਹ ਹਫ਼ਤੇ ਦਸੀਂ ਦਿਨੀਂ ਜਾਂਦੇ ਹਨ ਤਾਂ ਪਿੰਡ ਵਾਸੀ ਕੋਈ ਸ਼ਿਕਾਇਤ ਨਹੀਂ ਕਰਦਾ। ਇਸ ਦੇ ਬਾਵਜੂਦ ਅੱਜ ਪਤਾ ਲੱਗਣ ’ਤੇ ਉਨ੍ਹਾਂ ਬੀਡੀਪੀਓ ਨੂੰ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਕੰਮ ਕਰਨ ਲਈ ਕਿਹਾ ਹੈ।