ਸੰਤੋਖ ਸਿੰਘ ਗਿੱਲ
ਗੁਰੂਸਰ ਸੁਧਾਰ, 26 ਅਗਸਤ
ਪਿੰਡ ਘੁਮਾਣ ਅਤੇ ਸੁਧਾਰ ਦੀ ਹੱਦ ਉੱਪਰ ਸੀਵਰੇਜ ਦਾ ਗੰਦਾ ਪਾਣੀ ਘੁਮਾਣ ਪਿੰਡ ਦੇ ਸੀਵਰੇਜ ਵਿੱਚ ਪਾਉਣ ਦਾ ਮਾਮਲਾ ਇੰਡੀਅਨ ਐਕਸ ਸਰਵਿਸਿਜ਼ ਲੀਗ (ਪੰਜਾਬ ਅਤੇ ਚੰਡੀਗੜ੍ਹ) ਦੇ ਮਾਲਵਾ ਖੇਤਰ ਦੇ ਜ਼ਿਲ੍ਹਾ ਬਠਿੰਡਾ, ਬਰਨਾਲਾ, ਮੋਗਾ ਅਤੇ ਲੁਧਿਆਣਾ ਸਮੇਤ ਸੁਧਾਰ ਅਤੇ ਪੱਖੋਵਾਲ ਬਲਾਕਾਂ ਦੇ ਪ੍ਰਮੁੱਖ ਆਗੂਆਂ ਦੀ ਡਾਕਟਰ ਅਮਰ ਸਿੰਘ ਬੋਪਾਰਾਏ ਲੋਕ ਸਭਾ ਮੈਂਬਰ ਨਾਲ ਮੀਟਿੰਗ ਵਿੱਚ ਵੀ ਗੂੰਜਿਆ। ਕਰਨਲ ਮੁਖ਼ਤਿਆਰ ਸਿੰਘ ਕੁਲਾਰ, ਸੂਬੇਦਾਰ ਪਵਿੱਤਰ ਸਿੰਘ ਅਤੇ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਘੁਮਾਣ ਤੋਂ ਅਬੋਹਰ ਬਰਾਂਚ ਨਹਿਰ ਤੱਕ ਕੱਚੇ ਰਸਤੇ ਉੱਪਰ ਲਿੰਕ ਸੜਕ ਬਣਾਉਣ ਅਤੇ ਪਿੰਡ ਘੁਮਾਣ ਦੀ ਸਰਪੰਚ ਬੀਬੀ ਅਮਰਜੀਤ ਕੌਰ ਵੱਲੋਂ ਵਾਰਡ ਨੰਬਰ-4 ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰਨ ਦਾ ਮਾਮਲਾ ਵੀ ਉਠਾਇਆ। ਇਸ ਸਬੰਧੀ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਦੋਵੇਂ ਧਿਰਾਂ ਨੂੰ ਰਲ ਮਿਲ ਕੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ। ਸੂਬਾ ਪ੍ਰਧਾਨ ਕੈਪਟਨ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਰਨਲ ਮੁਖ਼ਤਿਆਰ ਸਿੰਘ ਕੁਲਾਰ ਨੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੂੰ ਕੌਮੀ ਅਤੇ ਸੂਬਾਈ ਪੱਧਰ ਉੱਪਰ ਜਥੇਬੰਦੀ ਦੇ ਢਾਂਚੇ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਅਤੇ ਸਰਵਿਸ ਕਰਦੇ ਫ਼ੌਜੀ ਜਵਾਨਾਂ ਦੀ ਸਹਾਇਤਾ ਵਿਚ ਲੀਗ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਰੋਨਾ ਮਹਾਮਾਰੀ ਸਮੇਤ ਹੋਰ ਕੌਮੀ ਆਫ਼ਤਾਂ ਮੌਕੇ ਲੀਗ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰਨਲ ਸੁਰਜੀਤ ਸਿੰਘ ਪ੍ਰਧਾਨ ਲੁਧਿਆਣਾ (ਸ਼ਹਿਰੀ), ਕਰਨਲ ਲਾਭ ਸਿੰਘ ਜ਼ਿਲ੍ਹਾ ਬਰਨਾਲਾ, ਕਰਨਲ ਵਿਸ਼ਵਾ ਮਿੱਤਰ ਜ਼ਿਲ੍ਹਾ ਬਠਿੰਡਾ, ਮੇਜਰ ਗੁਰਦੇਵ ਸਿੰਘ ਜ਼ਿਲ੍ਹਾ ਮੋਗਾ, ਕੈਪਟਨ ਗੁਰਦੀਪ ਸਿੰਘ ਜ਼ਿਲ੍ਹਾ ਕਪੂਰਥਲਾ ਵੀ ਮੀਟਿੰਗ ਵਿੱਚ ਮੌਜੂਦ ਸਨ। ਇਸ ਮੌਕੇ ਡਾਕਟਰ ਅਮਰ ਸਿੰਘ ਨੇ ਲੀਗ ਦੇ ਪਿੰਡ ਹਸਨਪੁਰ ਵਿੱਚ ਬਣ ਰਹੇ ਦਫ਼ਤਰ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਭਰੋਸਾ ਦਿੱਤਾ।