ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਗਸਤ
ਦੋ ਦਿਨ ਤੋਂ ਲਾਪਤਾ ਚੱਲ ਰਹੇ ਸਹਿਜ ਦੀ ਲਾਸ਼ ਸਿੱਧਵਾਂ ਨਹਿਰ ਵਿੱਚੋਂ ਮਿਲਣ ਤੋਂ ਬਾਅਦ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਸਹਿਜ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਉਹੀ ਤਾਇਆ ਹੈ, ਜਿਸ ਨੇ ਥਾਂ-ਥਾਂ ਧਾਰਮਿਕ ਸਥਾਨਾਂ ’ਤੇ ਜਾ ਕੇ ਸਹਿਜ ਲਈ ਮੰਨਤਾਂ ਮੰਗੀਆਂ ਸਨ।
ਮੁਲਜ਼ਮ ਸਵਰਨ ਨੇ ਕਈ ਥਾਂਵਾਂ ’ਤੇ ਜਾ ਕੇ ਆਪਣੇ ਭਰਾ ਘਰ ਮੁੰਡਾ ਹੋਣ ਦੀਆਂ ਮੰਨਤਾਂ ਮੰਗੀਆਂ ਸਨ ਤੇ ਹੁਣ ਉਸ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਤਾਇਆ ਹੈ, ਉਸ ਦਾ ਕਾਤਲ ਬਣ ਗਿਆ। ਮੁਲਜ਼ਮ ਸਵਰਨ ਨੇ ਬੇਰਹਿਮੀ ਨਾਲ ਸਹਿਜ ਦਾ ਕਤਲ ਕਰ ਦਿੱਤਾ। ਮੁਲਜ਼ਮ ਸਵਰਨ ਦੇ ਭਰਾ ਜਗਜੀਤ ਸਿੰਘ ਦੇ ਘਰ 2 ਲੜਕੀਆਂ ਸਨ, ਪਰ ਉਸਨੂੰ ਲੜਕਾ ਵੀ ਚਾਹੀਦਾ ਸੀ। ਸਵਰਨ ਨੇ ਆਪਣੇ ਭਰਾ ਦੇ ਘਰ ਲੜਕਾ ਹੋਵੇ, ਇਸ ਲਈ ਕਈ ਧਾਰਮਿਕ ਸਥਾਨਾਂ ’ਤੇ ਜਾ ਕੇ ਮੰਨਤਾਂ ਮੰਗੀਆਂ ਸਨ। ਜਦੋਂ ਸਹਿਜ ਦਾ ਜਨਮ ਹੋਇਆ, ਸਭ ਤੋਂ ਪਹਿਲਾਂ ਸਹਿਜ ਨੂੰ ਚੁੱਕਿਆ ਵੀ ਉਸਦੇ ਤਾਏ ਸਰਵਨ ਨੇ ਸੀ ਤੇ ਉਸਦਾ ਨਾਮ ਸਹਿਜਪ੍ਰੀਤ ਸਿੰਘ ਵੀ ਸਵਰਨ ਨੇ ਰੱਖਿਆ ਸੀ।
ਸਹਿਜ ਨੇ ਜਦੋਂ ਵੀ ਆਪਣੇ ਤਾਏ ਕੋਲੋਂ ਕੋਈ ਚੀਜ਼ ਮੰਗੀ, ਉਸ ਨੇ ਜ਼ਰੂਰ ਲੈ ਕੇ ਦਿੱਤੀ, ਪਰ ਉਸੇ ਤਾਏ ਸਵਰਨ ਸਿੰਘ ਨੇ ਆਪਣੇ ਲਾਡਲੇ ਭਤੀਜੇ ਸਹਿਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਹਰ ਵਿਅਕਤੀ ਪ੍ਰੇਸ਼ਾਨ ਹੈ। ਇਲਾਕੇ ਦਾ ਹਰ ਵਿਅਕਤੀ ਇਹੀ ਆਖ ਰਿਹਾ ਸੀ ਕਿ ਸਵਰਨ ਸਿੰਘ ਤਾਂ ਸਹਿਜ ਨੂੰ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ। ਮੁਲਜ਼ਮ ਸਵਰਨ ਸਿੰਘ, ਸਹਿਜ ਨੂੰ ਆਸਾਨੀ ਨਾਲ ਮੌਤ ਦੇ ਘਾਟ ਨਹੀਂ ਉਤਾਰ ਸਕਿਆ। ਉਹ ਸਾਰੀ ਰਾਤ ਸਹਿਜ ਨੂੰ ਆਪਣੇ ਨਾਲ ਲੈ ਕੇ ਘੁੰਮਦਾ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਰਸਤੇ ’ਚ ਕਈ ਅਜਿਹੀਆਂ ਥਾਂਵਾਂ ਸਨ, ਜਿੱਥੇ ਉਹ ਸਹਿਜ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ ਪਰ ਉਸਦੇ ਦਿਲ ’ਚ ਕੀ ਚੱਲ ਰਿਹਾ ਸੀ, ਕਿਸੇ ਨੂੰ ਕੁਝ ਸਮਝ ਨਹੀਂ ਲੱਗਿਆ। ਸਵੇਰੇ ਘਰ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਮੌਤ ਦੇ ਘਾਟ ਉਤਾਰਿਆ ਤੇ ਉਥੋਂ ਨਿਕਲ ਗਿਆ। ਘਰ ਪੁੱਜ ਕੇ ਉਸ ਨੇ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਅਤੇ ਜਾਂਦੇ ਹੀ ਸਹਿਜ ਨੂੰ ਲੱਭਣ ਦਾ ਡਰਾਮਾ ਸ਼ੁਰੂ ਕਰ ਦਿੱਤਾ।
ਤਾਇਆ ਸਹਿਜ ਨੂੰ ਬਣਾਉਣਾ ਚਾਹੁੰਦਾ ਸੀ ਚੰਗਾ ਤਬਲਾ ਵਾਦਕ
ਸਵਰਨ ਸਿੰਘ, ਭਤੀਜੇ ਸਹਿਜ ਨੂੰ ਆਪਣੇ ਲੜਕਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਉਹ ਉਸਨੂੰ ਹਰ ਧਾਰਮਿਕ ਸਥਾਨ ’ਤੇ ਲਿਜਾਂਦਾ ਸੀ, ਜਿੱਥੇ ਉਹ ਖੁਦ ਜਾਂਦਾ ਸੀ। ਉਥੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਤੋਂ ਬਾਅਦ ਉਹ ਘਰ ਲੈ ਆਉਂਦਾ ਸੀ। ਸਵਰਨ ਸਿੰਘ ਆਪਣੇ ਭਤੀਜੇ ਸਹਿਜ ਨੂੰ ਧਾਰਮਿਕ ਵਿਚਾਰਾਂ ਵਾਲਾ ਬਣਾਉਣਾ ਚਾਹੁੰਦਾ ਸੀ, ਇਸ ਦੇ ਨਾਲ ਨਾਲ ਚੰਗਾ ਤਬਲਾਵਾਦਕ ਵੀ ਬਣਾਉਣਾ ਚਾਹੁੰਦਾ ਸੀ। ਸਹਿਜਪ੍ਰੀਤ ਰੋਜ਼ਾਨਾ ਗੁਰੂ ਘਰ ਜਾਂਦਾ ਸੀ। ਛੋਟੀ ਜਿਹੀ ਉਮਰ ’ਚ ਹੀ ਉਸ ਨੇ ਤਬਲਾ ਵਜਾਉਣਾ ਸਿੱਖ ਲਿਆ ਸੀ। ਉਹ ਚੰਗਾ ਤਬਲਾ ਵਜਾਉਂਦਾ ਸੀ। ਸਹਿਜਪ੍ਰੀਤ ਨੂੰ ਆਪਣੇ ਤਾਏ ਨਾਲ ਕਾਫ਼ੀ ਲਗਾਅ ਸੀ, ਪਰ ਇਹ ਨਹੀਂ ਪਤਾ ਸੀ ਕਿ ਤਾਇਆ ਹੀ ਉਸਦਾ ਕਤਲ ਕਰ ਦੇਵੇਗਾ।