ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਨਵੰਬਰ
ਕਿਰਤ ਵਿਭਾਗ ਦੇ ਦਫ਼ਤਰ ਅੱਗੇ ਲਿਨਫੌਕਸ ਲੌਜਿਸਟਿਕ ਕੰਪਨੀ ਦੇ ਸਮੂਹ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਹਰਜਿੰਦਰ ਸਿੰਘ ਤੇ ਮਲਕੀਤ ਸਿੰਘ ਦੀ ਅਗਵਾਈ ਹੇਠਾਂ ਰੋਸ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਮੋਹਨਪੁਰ ਪਲਾਂਟ ਨੂੰ ਬੰਦ ਕਰਨ ਦੇ ਮਜ਼ਦੂਰ ਮਾਰੂ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਕਿਰਤ ਇੰਸਪੈਕਟਰ ਦੀ ਗੈਰਹਾਜ਼ਰੀ ਵਿੱਚ ਕਲਰਕ ਨੂੰ ਮੰਗ ਪੱਤਰ ਸੌਂਪਿਆ। ਆਗੂਆਂ ਨੇ ਦੱਸਿਆ ਕਿ ਪਲਾਂਟ ਨੂੰ 20 ਦਸੰਬਰ ਤੱਕ ਬੰਦ ਕਰਨ ਦਾ ਨੋਟਿਸ ਜਾਰੀ ਕਰਦੇ ਸਮੇਂ ਨਾ ਤਾਂ ਪਲਾਂਟ ਬੰਦ ਕਰਨ ਦਾ ਕੋਈ ਕਾਰਨ ਦੱਸਿਆ ਗਿਆ ਤੇ ਨਾ ਹੀ ਕੰਪਨੀ ’ਚ ਕਈ ਵਰ੍ਹਿਆਂ ਤੋਂ ਕੰਮ ਕਰਦੇ 300 ਦੇ ਕਰੀਬ ਰੈਗੂਲਰ ਤੇ ਕੰਟਰੈਕਟ ਵਰਕਰਾਂ ਬਾਰੇ ਕੁਝ ਸੋਚਿਆ ਗਿਆ। ਇਸ ਤੋਂ ਇਲਾਵਾ ਲੋਡਿੰਗ ਤੇ ਅਣਲੋਡਿੰਗ ਕਰਨ ਵਾਲੀ ਲੇਬਰ ਦੀ ਰੋਜ਼ੀ ਰੋਟੀ ਵੀ ਖ਼ਤਮ ਹੋਵੇਗੀ। ਕੰਪਨੀ ਅੰਦਰ ਮਜ਼ਦੂਰ ਕਮੇਟੀ ਦੇ ਪ੍ਰਤੀਨਿਧਾਂ ਸੁਰਿੰਦਰ ਸਿੰਘ ਅਤੇ ਗਿਆਨ ਸਿੰਘ ਨੇ ਦੱਸਿਆ ਕਿ 5-6 ਮਹੀਨਿਆਂ ਤੋਂ ਲਗਾਤਾਰ ਪ੍ਰਬੰਧਕ ਪਲਾਂਟ ਨੂੰ ਖਾਲੀ ਕਰਦੇ ਆ ਰਹੇ ਹਨ ਅਤੇ ਮਜ਼ਦੂਰਾਂ ਦੀ ਕਮਾਈ ਚੂੰਡਕੇ ਰਾਜਪੁਰਾ ਵਿੱਚ ਨਾਂਅ ਬਦਲ ਕੇ ਨਵਾਂ ਪਲਾਂਟ ਚਾਲੂ ਕਰ ਰਹੇ ਹਨ, ਜਿੱਥੇ ਠੇਕਾ ਪ੍ਰਥਾ ਤਹਿਤ ਨਵੀਂ ਭਰਤੀ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਮਜ਼ਦੂਰਾਂ ਦੀ ਹੜਤਾਲ ਜਾਰੀ
ਲੁਧਿਆਣਾ: ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਮਾਰਸ਼ਲ ਮਸ਼ੀਨਜ਼ ਲਿਮਟਿਡ ਫੋਕਲ ਪੁਆਇੰਟ ਦੇ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ 16ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਹੜਤਾਲੀ ਮਜ਼ਦੂਰ ਕੰਪਨੀ ਵੱਲੋਂ ਝੂਠੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਮਜ਼ਦੂਰ ਆਗੂਆਂ ਦੀ ਬਹਾਲੀ, ਬੋਨਸ ਭੁਗਤਾਨ, ਤਨਖਾਹ ਵਾਧਾ ਅਤੇ ਹੋਰ ਜਾਇਜ਼ ਕਾਨੂੰਨੀ ਹੱਕਾਂ ਖਾਤਰ ਸੰਘਰਸ਼ ਕਰ ਰਹੇ ਹਨ। ਅੱਜ ਆਰਐਂਡਡੀ ਪਾਰਕ ਫੋਕਲ ਪੁਆਇੰਟ ਵਿੱਚ ਹੋਈ ਮੀਟਿੰਗ ਦੌਰਾਨ ਹੜਤਾਲੀ ਮਜ਼ਦੂਰਾਂ ਨੇ ਸਰਬਸੰਮਤੀ ਨਾਲ਼ ਫ਼ੈਸਲਾ ਕੀਤਾ ਕਿ ਜੇਕਰ ਕੰਪਨੀ ਮਾਲਕ/ਮੈਨੇਜਮੈਂਟ ਨੇ ਉਨ੍ਹਾਂ ਦੀਆਂ ਜਾਇਜ਼ ਤੇ ਕਾਨੂੰਨੀ ਮੰਗਾਂ ਅੱਖੋਂ ਪਰੋਖੇ ਕਰ ਕੇ ਕਿਰਤ ਕਾਨੂੰਨ ਲਾਗੂ ਨਹੀਂ ਕਰਨੇ ਤਾਂ ਉਹ ਇਸ ਕੰਪਨੀ ਵਿੱਚ ਹਰਗਿਜ਼ ਕੰਮ ਨਹੀਂ ਕਰਨਗੇ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ 29 ਨਵੰਬਰ ਨੂੰ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਟਿੱਬਾ ਰੋਡ ਸਥਿਤ ਦਫ਼ਤਰ ਬਾਹਰ ਧਰਨਾ ਦਿੱਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ