ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਅਕਤੂਬਰ
ਖੇਤੀ ਆਰਡੀਨੈਸਾਂ, ਬਿਜ਼ਲੀ ਐਕਟ 2020 ਨੂੰ ਲੈ ਕੇ ਮਜ਼ਦੂਰ, ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨਾਂ, ਰਿਲਾਇੰਸ ਪੰਪਾਂ, ਸਟੋਰਾਂ, ਟੌਲ ਪਲਾਜ਼ਿਆਂ ਤੇ ਸ਼ੁਰੂ ਕੀਤੇ ਧਰਨੇ ਸਫ਼ਲਤਾ ਪੂਰਵਕ ਮਿੱਥੇ ਨਿਸ਼ਾਨੇ ਤੇ ਕੇਂਦਰਤ ਹਨ। ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਸ ਬਿਨਾ ਕਿਸੇ ਰੁਕਾਵਟ ਅਤੇ ਕਿਸਾਨਾਂ ਦੇ ਕੰਮ ਦੇ ਦਿਨ ਹੋਣ ਦੇ ਬਾਵਜੂਦ ਮੱਠਾ ਨਹੀਂ ਪੈ ਰਿਹਾ। ਧਰਨਿਆਂ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਰਸੂਲਪੁਰ, ਬਲਰਾਜ ਕੋਟ ਉਮਰਾ, ਡਾ. ਸੁਖਦੇਵ ਭੂੰਦੜੀ, ਮੋਹਨ ਸਿੰਘ, ਗੁਰਮੇਲ ਰੂੰਮੀ, ਤਰਲੋਚਨ ਝੋਰੜਾਂ, ਬੂਟਾ ਸਿੰਘ ਚੱਕਰ, ਜੋਗਿੰਦਰ ਬਜੁਰਗ ਸਮੇਤ ਸੂਬਾ ਪੱਧਰੀ ਕਿਸਾਨ ਆਗੂ ਮਨਜੀਤ ਧਨੇਰ ਨੇ ਵੀ ਸੰਬੋਧਨ ਕੀਤਾ ਤੇ ਆਰਡੀਨੈਸਾਂ ਦਾ ਸੱਚ ਲੋਕਾਂ ਸਾਹਮਣੇ ਰੱਖਿਆ। ਗੁੱਸੇ ਨਾਲ ਭਰੇ ਸੰਘਰਸ਼ੀ ਲੋਕਾਂ ਨੇ ਰਿਲਾਇੰਸ ਸਟੋਰ ਦੇ ਸਾਹਮਣੇ ਮੋਦੀ ਤੇ ਅੰਬਾਨੀ, ਅਡਾਨੀ ਦੇ ਪੁਤਲੇ ਫੂੱਕ ਕੇ ਰੋਸ ਜ਼ਾਹਰ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨਿਆਂ ’ਤੇ ਬੈਠੇ ਕਿਰਤੀ ਲੋਕਾਂ ਨੇ ਉੱਚੀ ਸੁਰ ’ਚ ਬੋਲੀ ਸਰਕਾਰ ਨੂੰ ਬਿੱਲ ਰੱਦ ਕਰਨ ਦੀ ਮੰਗ ਦੁਹਰਾਈ। ਅਲੀਗੜ੍ਹ ਰਿਲਾਇੰਸ ਪੰਪ, ਚੌਂਕੀਮਾਨ ਟੌਲ ਪਲਾਜ਼ੇ ’ਤੇ ਵੀ ਹਰਦੀਪ ਗਾਲਬਿ, ਇੰਦਰਜੀਤ ਜਗਰਾਉਂ, ਮਹਿੰਦਰ ਕਮਾਲਪੁਰਾ ਨੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦੀ ਅਲੋਚਨਾਂ ਕੀਤੀ।
ਸਮਰਾਲਾ (ਡੀਪੀਐੱਸ ਬਤਰਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਸਟੇਸ਼ਨ ਸਮਰਾਲਾ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅੱਜ ਸਮਰਾਲਾ ਦੇ ਸਾਰੇ ਹੀ ਵਪਾਰਕ ਮੰਡਲਾਂ ਦੇ ਅਹੁਦੇਦਾਰਾਂ, ਦੁਕਾਨਦਾਰਾਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਧਰਨੇ ਦੀ ਅਗਵਾਈ ਕਰਦਿਆ ਐਲਾਨ ਕੀਤਾ ਕਿ ਸਾਰੇ ਹੀ ਵਪਾਰਕ ਸੰਗਠਨ ਤੇ ਸਮਾਜਿਕ ਜਥੇਬੰਦੀਆਂ ਕਿਸਾਨਾਂ ਦੀ ਇਸ ਲੜਾਈ ਨੂੰ ਮੋਹਰੀ ਹੋ ਕੇ ਲੜਨਗੀਆਂ। ਧਰਨਕਾਰੀਆਂ ਨੇ ਟੌਲ ਮੁਲਾਜ਼ਮਾਂ ਨੂੰ ਅੱਜ ਦੂਜੇ ਦਿਨ ਵੀ ਵਾਹਨਾਂ ਤੋਂ ਕੋਈ ਉਗਰਾਹੀ ਨਹੀਂ ਕਰਨ ਦਿੱਤੀ ਤੇ ਪੂਰਾ ਦਿਨ ਇਥੋਂ ਸਾਰੇ ਵਾਹਨ ਬਿਨਾਂ ਟੌਲ ਫੀਸ ਦੇ ਲੰਘਾਏ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਟੌਲ ਪਲਾਜ਼ਾ ਦਾ ਘੇਰਾਓ ਦਿਨ-ਰਾਤ ਜਾਰੀ ਰਹੇਗਾ ਅਤੇ ਕਿਸਾਨ ਕਿਸੇ ਕੀਮਤ ’ਤੇ ਇਥੋਂ ਨਹੀਂ ਹਟਣਗੇ।
ਇਸ ਤੋਂ ਪਹਿਲਾ ਸਥਾਨਕ ਰੇਲਵੇ ਸਟੇਸ਼ਨ ’ਤੇ ਵੀ ਧਰਨਾ ਲਾ ਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਵਪਾਰੀਆਂ, ਦੁਕਾਨਦਾਰਾਂ ਅਤੇ ਜਥੇਬੰਦੀਆਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਰਾਮਗੜ੍ਹੀਆ ਫੈੱਡਰੇਸ਼ਨ ਸਮਰਾਲਾ ਦੇ ਪ੍ਰਧਾਨ ਅਤੇ ਵਪਾਰੀ ਆਗੂ ਪਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਲੜੀ ਜਾ ਰਹੀ ਇਹ ਲੜਾਈ ਇੱਕਲੇ ਕਿਸਾਨਾਂ ਦੀ ਨਹੀਂ ਹੈ, ਬਲਕਿ ਇਸ ਲੜਾਈ ’ਚ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅੱਗੇ ਆ ਕੇ ਕੇਂਦਰ ਖਿਲਾਫ਼ ਵੱਡਾ ਮੋਰਚਾ ਲਾਉਣਾ ਪਵੇਗਾ, ਤਾਂ ਕਿ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਓਧਰ ਟੌਲ ਪਲਾਜ਼ਾ ਦੇ ਘੇਰਾਓ ਲਈ ਕਿਸਾਨਾਂ ਦੀ ਹਮਾਇਤ ਵਿੱਚ ਇੱਕਠੇ ਹੋਏ ਵਪਾਰ ਸੰਗਠਨਾਂ ਦੇ ਮੈਂਬਰਾਂ ਤੇ ਦੁਕਾਨਦਾਰਾਂ ਦੀ ਅਗਵਾਈ ਕਰ ਰਹੇ ਵਪਾਰ ਮੰਡਲ ਸਮਰਾਲਾ ਦੇ ਪ੍ਰਧਾਨ ਦੀਪਕ ਰਾਏ, ਕੌਂਸਲਰ ਸਨੀ ਦੂਆ ਅਤੇ ਕੌਂਸਲਰ ਹਰਪ੍ਰੀਤ ਸਿੰਘ ਸ਼ੰਟੀ ਬੇਦੀ ਨੇ ਕਿਹਾ ਕਿ ਨਵੇਂ ਖੇਤੀ ਬਿੱਲ ਇੱਕਲੇ ਕਿਸਾਨਾਂ ਨੂੰ ਹੀ ਨਹੀਂ, ਸਗੋਂ ਸਾਰੇ ਹੀ ਵਰਗਾਂ ਲਈ ਆਰਥਿਕ ਤੌਰ ’ਤੇ ਉਨ੍ਹਾਂ ਨੂੰ ਤਬਾਹ ਕਰਨ ਵਾਲੇ ਸਾਬਤ ਹੋਣਗੇ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਬਣਾਏ ਖੇਦੀ ਕਾਨੂੰਨਾਂ ਵਿਰੁੱਧ ਸਮੁੱਚੇ ਦੇਸ਼ ਵਿੱਚ ਕਿਸਾਨੀ ਦੀ ਅਗਵਾਈ ਹੇਠ ਚੱਲ ਰਹੇ ਜਨਤਕ ਘੋਲ ਦੀ ਇਕ ਕੜੀ ਵਜੋਂ ਅੱਜ ਇਥੋਂ ਦੇ ਐੱਸਡੀਐੱਮ ਦਫ਼ਤਰ ਨੇੜੇ ਅਧਿਆਪਕਾਂ ਨੇ ਰੋਸ ਰੈਲੀ ਕੱਢੀ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਆਗੂਆਂ ਹਰਪਿੰਦਰ ਸ਼ਾਹੀ ਅਤੇ ਸੰਜੇ ਪੁਰੀ ਨੇ ਕਿਹਾ ਕਿ ਸਮੁੱਚੀ ਖੇਤੀ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੇ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਜੇ ਹਕੂਮਤ ਵੱਲੋਂ ਤੁਰੰਤ ਰੱਦ ਨਾ ਕੀਤੇ ਗਏ ਤਾਂ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਸਮੁੱਚੇ ਪੰਜਾਬੀ ਲੋਕ ਸੰਘਰਸ਼ ਦੇ ਰਾਹ ਤੇ ਤੁਰਨਗੇ ਕਿਉਂਕਿ ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਪੇਂਡੂ ਅਰਥਚਾਰੇ ਨੂੰ ਵੱਡੀ ਢਾਹ ਲੱਗੇਗੀ ਉਥੇ ਦੋ ਵਕਤ ਦੀ ਰੋਟੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਵੇਗੀ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂਅ ਖੇਤੀ ਕਾਨੂੰਨ, ਨਵੀਂ ਸਿੱਖਿਆ ਨੀਤੀ 2020 ਅਤੇ ਸਰਕਾਰੀ ਮਹਿਕਮਿਆਂ ਦੇ ਪੁਨਰਗਠਨ ਦੇ ਨਾਂਅ ਤੇ ਇਨ੍ਹਾਂ ਦੇ ਨਿੱਜੀਕਰਨ ਅਤੇ ਅਕਾਰ ਘਟਾਈ ਦੀ ਤਜ਼ਵੀਜ਼ ਦਿੰਦੀ ਮੌਨਟੇਕ ਰਿਪੋਰਟ ਵਿਰੁੱਧ ਇਕ ਮੰਗ ਪੱਤਰ ਐੱਸਡੀਐੱਮ ਨੂੰ ਸੌਂਪਿਆ ਗਿਆ।
ਅੱਜ ਦੋ ਘੰਟਿਆਂ ਲਈ ਪੰਜਾਬ ਬੰਦ ਦਾ ਐਲਾਨ
ਸਮਰਾਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆ ਨੇ ਦੱਸਿਆ ਕਿ ਹਰਿਆਣਾ ਵਿੱਚ ਪ੍ਰਦਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ਼ ਕੀਤੇ ਜਾਣ ਦੇ ਵਿਰੋਧ ਵਿੱਚ 9 ਅਕਤੂਬਰ ਨੂੰ ਦੋ ਘੰਟੇ ਲਈ 12 ਵਜੇ ਤੋਂ 2 ਵਜੇ ਤੱਕ ਸੂਬੇ ਭਰ ਵਿੱਚ ਸੜ੍ਹਕ ਜਾਮ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ। ਘੁਲਾਲ ਟੌਲ ਪਲਾਜ਼ਾ ਵਿਚ ਸੜਕ ਜਾਮ ’ਚ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਇਲਾਕੇ ਦੇ ਸੈਂਕੜੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਦੇ ਹੋਏ ਸਰਕਾਰ ਨੂੰ ਦੱਸਿਆ ਜਾਵੇਗਾ ਕਿ ਸੰਘਰਸ਼ ਕਰ ਰਹੇ ਕਿਸਾਨ ਕਿਸੇ ਜਬਰ-ਜੁਲਮ ਅੱਗੇ ਝੁਕਣ ਵਾਲੇ ਨਹੀਂ ਸਗੋਂ ਪਹਿਲਾਂ ਨਾਲੋਂ ਵੀ ਦੁਗਣੀ ਤਾਕਤ ਨਾਲ ਇਸ ਲੜਾਈ ਨੂੰ ਲੜਨਗੇ।
ਹਰਿਆਣਾ ਦੇ ਕਿਸਾਨਾਂ ਦੇ ਹੱਕ ’ਚ ਬੀਕੇਯੂ ਲਾਵੇਗੀ ਜਾਮ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਅੱਠਵੇਂ ਦਿਨ ਧਰਨੇ ਨੂੰ ਸੰਬੋਧਨ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਤੀ ਨਾਲ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਹੀ ਦਮ ਲਵਾਂਗੇ। ਸ਼ੰਘਰਸ਼ ਹੋਰ ਤੇਜ਼ ਕਰਨ ਲਈ ਕਾਰਪੋਰੇਟਾਂ ਦੇ ਘਰਾਂ ਅੱਗੇ ਨਾਕਿਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਕਿਸਾਨਾਂ ’ਤੇ ਜਬਰ-ਜੁਲਮ ਕਰਨ ਵਿਰੁੱਧ 11 ਅਕਤੂਬਰ ਨੂੰ 12 ਤੋਂ 2 ਵਜੇ ਤੱਕ ਸੜਕ ਜਾਮ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਲੁਧਿਆਣਾ, ਮਲੇਰਕੋਟਲਾ ਸੜਕ ’ਤੇ ਪੈਂਦੇ ਲਹਿਰਾ ਟੌਲ ਪਲਾਜ਼ਾ ’ਤੇ ਵੀ ਨਾਕਾ ਲਾਇਆ ਜਾਵੇਗਾ। ਇਸ ਸਮੇਂ ਜ਼ਲ੍ਹਿਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਗੁਰਸੇਵਕ ਸਿੰਘ ਘਲੋਟੀ, ਜਗਤਾਰ ਸਿੰਘ ਚੋਮੋਂ, ਮੇਜਰ ਸਿੰਘ ਜੀਰਖ, ਹਰਪਾਲ ਸਿੰਘ, ਮਜ਼ਦੂਰ ਆਗੂ ਮਲਕੀਤ ਸਿੰਘ ਖੰਨਾ ਹਾਜ਼ਰ ਸਨ।