ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਸਤੰਬਰ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਸਰਕਾਰ ਨੇ ਲੈਕਚਰਾਰਾਂ ਤੇ ਅਧਿਆਪਕਾਂ ਦੀ ਤਰੱਕੀ ਲਈ ਲਏ ਜਾਣ ਵਾਲੇ ਵਿਭਾਗੀ ਟੈਸਟ ਵਿਰੁੱਧ ਕਮਰਕੱਸ ਲਈ ਹੈ। ਇਸ ਮੌਕੇ ਸੰਜੀਵ ਕੁਮਾਰ, ਹਾਕਮ ਸਿੰਘ ਵਾਲੀਆ ਅਤੇ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਵਿਚ 18 ਅਗਸਤ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2018 ’ਚ ਟੈਸਟ ਤੇ ਮੈਰਿਟ ਦੇ ਆਧਾਰ ’ਤੇ ਭਰਤੀ/ਪਦਉੱਨਤ ਹੋਏ 20-25 ਸਾਲ ਦੇ ਤਜ਼ਰਬੇ ਅਤੇ ਉੱਚ ਯੋਗਤਾ ਪ੍ਰਾਪਤ ਲੈਕਚਰਾਰ ਤੇ ਅਧਿਆਪਕਾਂ ’ਤੇ ਤਰੱਕੀ ਉਪਰੰਤ ਜਾਂ ਤਰੱਕੀ ਸਮੇਂ ਵਿਭਾਗੀ ਟੈਸਟ ਲਾਜ਼ਮੀ ਕਰਨਾ ਧੱਕਾ ਹੈ। ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕ, ਲੈਕਚਰਾਰ ਤੇ ਮੁੱਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹਨ। ਉਨ੍ਹਾਂ 6ਵੇਂ ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਡੀਏ ਦਾ ਬਕਾਇਆ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਧਿਆਪਕ ਪੱਕੇ ਕਰਨ, ਏਸੀਪੀ ਸਕੀਮ ਚਾਲੂ ਰੱਖਣ ਆਦਿ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਜੀਤ ਸਿੰਘ, ਕੁਲਵਿੰਦਰ ਸਿੰਘ, ਅਰੁਨ ਕੁਮਾਰ, ਮਨਜੀਤ ਸਿੰਘ, ਰਾਮਿੰਦਰ ਸਿੰਘ, ਕੁਲਬੀਰ ਸਿੰਘ, ਜਤਿੰਦਰ ਕੁਮਾਰ ਹਾਜ਼ਰ ਸਨ।