ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਸਤੰਬਰ
ਮਾਛੀਵਾੜਾ-ਰੋਪੜ ਰੋਡ ’ਤੇ ਪਿੰਡ ਹੰਬੋਵਾਲ ਵਿਖੇ ਪਟਾਕਾ ਫੈਕਟਰੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਵਿਰੋਧ ਕਾਰਨ ਵਿਵਾਦਾਂ ਵਿਚ ਘਿਰੀ ਹੋਈ ਹੈ। ਪ੍ਰਸ਼ਾਸਨ ਨੇ ਅੱਜ ਇਸ ਦਾ ਲਾਇਸੈਂਸ ਰੱਦ ਕਰ ਕੇ ਫੈਕਟਰੀ ਬੰਦ ਕਰਵਾ ਦਿੱਤੀ। ਹੰਬੋਵਾਲ ਤੇ ਆਸ-ਪਾਸ ਦੇ ਕਰੀਬ ਦਰਜਨ ਤੋਂ ਵੱਧ ਪਿੰਡਾਂ ਵਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਸ ਪਟਾਕਾ ਫੈਕਟਰੀ ਕਾਰਨ ਫੈਲ ਰਹੇ ਪ੍ਰਦੂਸ਼ਣ ਤੋਂ ਜਿੱਥੇ ਲੋਕ ਬੀਮਾਰ ਹੋ ਰਹੇ ਹਨ ਉੱਥੇ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਰਿਹਾ ਹੈ ਜਿਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਲੋਕਾਂ ਵਲੋਂ ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਤੇ ਪ੍ਰਸਾਸ਼ਨ ਨੂੰ ਨਿਸ਼ਾਨੇ ’ਤੇ ਲਿਆਂਦਾ ਜਾ ਰਿਹਾ ਸੀ।
ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਐੱਸ.ਡੀ.ਐੱਮ. ਸਮਰਾਲਾ ਵਿਕਰਮਜੀਤ ਸਿੰਘ ਪਾਂਥੇ ਨੇ ਇਸ ਫੈਕਟਰੀ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਐੱਸ.ਡੀ.ਐੱਮ. ਵਲੋਂ ਰਿਪੋਰਟ ਤਿਆਰ ਕੀਤੀ ਗਈ ਜਿਸ ਵਿਚ ਉਨ੍ਹਾਂ ਫੈਕਟਰੀ ਵਿਚ ਬੇਨਿਯਮੀਆਂ ਰਾਹੀਂ ਕੰਮ ਕਰਨ ਦੀ ਗੱਲ ਆਖੀ। ਇਹ ਰਿਪੋਰਟ ਕਾਰਵਾਈ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤੀ ਗਈ। ਇਸ ਤੋਂ ਬਾਅਦ ਹਲਕਾ ਵਿਧਾਇਕ ਵਲੋਂ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਗਿਆ ਤੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਸ ਫੈਕਟਰੀ ਨੂੰ ਬੰਦ ਕਰ ਕੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸ ਮੌਕੇ ਵਿਧਾਇਕ, ਐੱਸਡੀਐੱਮ ਤੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਪਿੰਡ ਹੰਬੋਵਾਲ ਪੁੱਜੇ ਜਿਨ੍ਹਾਂ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਾ ਉਨ੍ਹਾਂ ਦਾ ਫ਼ਰਜ਼ ਹੈ।