ਜਗਰਾਉਂ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਜਗਰਾਉਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਲਾਈਨ ਭਵਨ ਦੇ ਗੁਲਾਬੀ ਬਾਗ ’ਚ ਵਿਸ਼ੇਸ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਗੁਲਵੰਤ ਸਿੰਘ ਗਿੱਲ ਨੇ ਆਖਿਆ ਕਿ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਿਰਫ਼ ਬੂਟੇ ਲਾਉਣ ਦੀ ਨਹੀਂ, ਸਗੋਂ ਉਨ੍ਹਾਂ ਨੂੰ ਵੱਡੇ ਹੋਣ ਤੱਕ ਪਾਲਣ ਦੀ ਵੀ ਜ਼ਿੰਮੇਵਾਰੀ ਸਮਾਜ਼ ਸੇਵੀ ਸੰਸਥਾਵਾਂ ਨੂੰ ਉਠਾਉਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ,ਉੱਥੇ ਸਾਡੀ ਧਰਤੀ ਦਾ ਪੌਣ-ਪਾਣੀ ਵੀ ਖਰਾਬ ਹੋ ਰਿਹਾ ਹੈ। ਕਲੱਬ ਦੇ ਸਕੱਤਰ ਇੰਜ. ਲਾਈਨ ਅੰਮ੍ਰਿਤ ਸਿੰਘ ਥਿੰਦ ਨੇ ਕਿਹਾ ਕਿ ਅੱਜ ਲੋੜ ਹੈ ਸਾਡਾ ਆਲਾ-ਦੁਆਲਾ ਹਰਿਆ ਭਰਿਆ ਹੋਵੇ ਤੇ ਸਾਡੀ ਜ਼ੁਬਾਨ ’ਤੇ ਮਾਂ ਬੋਲੀ ਦਾ ਪਹਿਰਾ ਹੋਵੇ। ਇਸ ਮੌਕੇ ਸਤਪਾਲ ਗਰੇਵਾਲ, ਬੀਰਿੰਦਰ ਗਿੱਲ, ਸੁਭਾਸ਼ ਕਪੂਰ ,ਗੁਰਤੇਜ਼ ਗਿੱਲ , ਹਰਵਿੰਦਰ ਚਾਵਲਾ, ਐੱਚਐੱਸ ਸਹਿਗਲ, ਐੱਸਪੀ ਢਿੱਲੋਂ, ਪ੍ਰੀਤਮ ਰੀਹਲ ,ਚਰਨਜੀਤ ਢਿੱਲੋਂ ਆਦਿ ਕਲੱਬ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ। ਸਮਾਗਮ ਦੇ ਅੰਤਿਮ ਪੜਾਅ ’ਚ ਸਾਰੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਬੂਟੇ ਲਗਾਏ।