ਪੱਤਰ ਪ੍ਰੇਰਕ
ਰਾਏਕੋਟ, 6 ਜੁਲਾਈ
ਕਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਹਤ ਦੇਣ ਲਈ ਭੇਜੀਆਂ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਵਿੱਚ ਪਾਏ ਗਏ ਸਾਮਾਨ ਦੀ ਮਾੜੀ ਗੁਣਵੱਤਾ ਕਾਰਨ ਲੋਕਾਂ ਵਿੱਚ ਰੋਸ ਹੈ। ਪਿੰਡ ਦੱਧਾਹੂਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ, ਉਸ ਵਿੱਚ ਸ਼ਾਮਿਲ 10 ਕਿਲੋ ਆਟੇ ਦੀਆਂ ਥੈਲੀਆਂ ਨੂੰ ਜਦੋਂ ਖੋਲ੍ਹ ਕੇ ਦੇਖਿਆ ਗਿਆ ਤਾਂ ਆਟੇ ਵਿੱਚ ਸੁੰਡੀਆਂ ਅਤੇ ਸੁਸਰੀਆਂ ਦੇਖੀਆਂ ਗਈਆਂ। ਇਸ ਮੌਕੇ ਸਬੰਧਤ ਪਰਿਵਾਰਾਂ ਦੇ ਮੈਂਬਰਾਂ ਨੇ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਹਾਜ਼ਰੀ ਵਿੱਚ ਦੱਸਿਆ ਕਿ ਰਾਸ਼ਨ ਦੀਆਂ ਕਿੱਟਾ ਵਿੱਚ ਸ਼ਾਮਲ ਆਟਾ ਖਾਣ ਯੋਗ ਨਹੀਂ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਰਮਨਦੀਪ ਕੌਰ ਸਰਪੰਚ, ਸਰਬਜੀਤ ਕੌਰ ਪੰਚ, ਸੁਖਵਿੰਦਰ ਸਿੰਘ, ਕਰਨੈਲ ਸਿੰਘ , ਬਲਵਿੰਦਰ ਕੌਰ, ਬਲਵੀਰ ਕੌਰ, ਕੁਲਦੀਪ ਕੌਰ ਹਾਜ਼ਰ ਸਨ।