ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਲੋਧੀ ਕਿਲੇ ਤੋਂ ਹੋਂਦ ਵਿੱਚ ਆਇਆ ਸ਼ਹਿਰ ਲੁਧਿਆਣਾ ਭਾਵੇਂ ਵਿਸ਼ਵ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ ਪਰ ਦੂਜੇ ਪਾਸੇ ਲੋਧੀ ਕਿਲਾ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰ ਗਿਆ ਹੈ। ਸਾਲ 1481 ਵਿੱਚ ਸਿਕੰਦਰ ਖਾਂ ਲੋਧੀ ਦੇ ਜਰਨੈਲ ਯੂਸਫ ਖਾਨ ਅਤੇ ਨਿਹੰਗ ਖਾਨ ਵੱਲੋਂ ਤਿਆਰ ਕੀਤੇ ਇਸ ਕਿਲੇ ਦੀਆਂ ਕੰਧਾਂ ਢਹਿ ਚੁੱਕੀਆਂ ਹਨ, ਦਰਵਾਜੇ ਵੀ ਟੁੱਟ ਚੁੱਕੇ ਹਨ।
ਭਾਰਤ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਤਿਹਾਸਕ ਥਾਵਾਂ ਨੂੰ ਸੰਭਾਲ ਕੇ ਉਨ੍ਹਾਂ ਥਾਵਾਂ ਨੂੰ ਸੈਰ-ਸਪਾਟੇ ਵਾਲੀਆਂ ਥਾਵਾਂ ਵਜੋਂ ਵਿਕਸਤ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿਚਕਾਰ ਪੈਂਦੇ ਲੋਧੀ ਕਿਲੇ ਨੂੰ ਉਸ ਦੀ ਕਿਸਮਤ ’ਤੇ ਛੱਡ ਦਿੱਤਾ ਗਿਆ ਹੈ। ਕਦੇ ਮੁਗਲਾਂ, ਅੰਗਰੇਜ਼ਾਂ ਦੀ ਪਹਿਲੀ ਪਸੰਦ ਰਿਹਾ ਇਹ ਕਿਲਾ ਅੱਜ ਕੱਲ੍ਹ ਪੂਰੀ ਤਰ੍ਹਾਂ ਖੰਡਰ ਬਣਦਾ ਜਾ ਰਿਹਾ ਹੈ। ਇਥੇ ਬਣੀਆਂ ਵੱਡੀਆਂ ਸਰਾਵਾਂ ਦੀਆਂ ਛੱਤਾਂ ਅਤੇ ਪਿੱਲਰ ਖਸਤਾ ਹੋ ਚੁੱਕੇ ਹਨ, ਚਾਰ ਦੀਵਾਰੀ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇੱਥੋਂ ਹੀ ਇੱਕ ਸੁਰੰਗ, ਸਤਲੁਜ ਦਰਿਆ ਦੇ ਹੇਠੋਂ ਫਿਲੌਰ ਕਿਲੇ ਤੱਕ ਪਹੁੰਚਦੀ ਹੈ ਪਰ ਉਹ ਵੀ ਲਗਪੱਗ ਬੰਦ ਹੀ ਹੋ ਚੁੱਕੀ ਹੈ। ਕਿਲੇ ਦਾ ਮੁੱਖ ਦਰਵਾਜਾ ਜੋ ਮੋਟੀ ਲੱਕੜ ਅਤੇ ਛੋਟੀਆਂ ਇੱਟਾਂ ਨਾਲ ਬਣਿਆ ਹੋਇਆ ਹੈ, ਵੀ ਆਖਰੀ ਸਾਹ ਲੈ ਰਿਹਾ ਹੈ। ਮੌਜੂਦਾ ਸਮੇਂ ਇਸ ਦੀ ਸੰਭਾਲ ਨਾ ਹੋਣ ਕਰ ਕੇ ਇਹ ਨਸ਼ੇੜੀ ਕਿਸਮ ਦੇ ਲੋਕਾਂ ਦਾ ਅੱਡਾ ਬਣ ਚੁੱਕਾ ਹੈ। ਭਾਵੇਂ ਮੌਜੂਦਾ ਸਮੇਂ ਇੱਥੇ ਆਈਟੀਆਈ ਦੀਆਂ ਕਲਾਸਾਂ ਲੱਗਦੀਆਂ ਹਨ। ਕਈ ਖੋਜੀ ਕਿਸਮ ਦੇ ਲੋਕ ਦੂਰ-ਦੁਰਾਡੇ ਸ਼ਹਿਰਾਂ ਤੋਂ ਇਸ ਨੂੰ ਦੇਖਣ ਤਾਂ ਆਉਂਦੇ ਹਨ ਪਰ ਇਸ ਦੀ ਖਸਤਾ ਹਾਲਤ ਨੂੰ ਦੇਖਦਿਆਂ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਹਨ। ਹਰ ਐਤਵਾਰ ਦੀ ਤਰ੍ਹਾਂ ਅੱਜ ਲੁਧਿਆਣਾ ਪੈਡਲਰ ਕਲੱਬ ਦੇ ਨੁਮਾਇੰਦਿਆਂ ਨੇ ਵੀ ਆਪਣੇ ਸਫਰ ਦੌਰਾਨ ਇਸ ਕਿਲੇ ਦਾ ਦੌਰਾ ਕੀਤਾ।
ਕਲੱਬ ਦੇ ਸਰਪ੍ਰਸਤ ਰਣਜੋਧ ਸਿੰਘ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਸਾਨੂੰ ਇਤਿਹਾਸ ਤਾਂ ਪੜ੍ਹਾਇਆ ਜਾਂਦਾ ਹੈ ਪਰ ਇਸ ਨੂੰ ਸੰਭਾਲਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਕਿਲੇ ਵਿੱਚ ਆਰਟ ਗੈਲਰੀ ਜਾਂ ਮਿਊਜ਼ੀਅਮ ਬਣਾ ਕੇੇ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੌਬੀ ਨਾਂ ਦੇ ਸੁਰੱਖਿਆ ਮੁਲਾਜ਼ਮ ਨੂੰ ਪੱਕਾ ਕਰਕੇ ਹੋਰ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ।