ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਈ
ਸੂਫ਼ੀਆ ਚੌਕ ਦੇ ਕੋਲ 10 ਮਈ ਦੀ ਸਵੇਰੇ ਸੈਰ ਕਰ ਰਹੀ ਹਰਗੋਬਿੰਦ ਨਗਰ ਇਲਾਕੇ ’ਚ ਸਵੀਟੀ ਅਰੋੜਾ ਨਾਮ ਦੀ ਔਰਤ ਨੂੰ ਉਸ ਦੇ ਪ੍ਰੇਮੀ ਨੇ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਕਤਲ ਕੀਤਾ ਸੀ। ਇਸ ਸਬੰਧੀ ਪੁਲੀਸ ਨੇ ਮੁਲਜ਼ਮ ਲਖਵਿੰਦਰ ਸਿੰਘ ਤੇ ਤਲਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂਕਿ ਯਾਇਲੋ ਗੱਡੀ ਚਲਾਉਣ ਵਾਲੇ ਅਜਮੇਰ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਵਾਰਦਾਤ ਮਗਰੋਂ ਏਸੀਪੀ ਕੇਂਦਰੀ ਅਕਾਸ਼ੀ ਜੈਨ ਦੀ ਅਗਵਾਈ ’ਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਜਾਂਚ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਮਗਰੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਇਸ ਮਾਮਲੇ ’ਚ ਮੁਹਾਲੀ ਦੇ ਸੈਕਟਰ 94 ਵਾਸੀ ਲਖਵਿੰਦਰ ਸਿੰਘ, ਉਸ ਦੇ ਦੋਸਤ ਤਰਨ ਤਾਰਨ ਵਾਸੀ ਅਜਮੇਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ। ਏਸੀਪੀ ਜੇਐੱਸ ਸੰਧੂ ਨੇ ਦੱਸਿਆ ਕਿ 10 ਮਈ ਨੂੰ ਸਵੀਟੀ ਰੋਜ਼ਾਨਾ ਵਾਂਗ ਘਰ ਤੋਂ ਜਿਮ ਲਈ ਨਿਕਲੀ। ਜਿਮ ਜਾਣ ਤੋਂ ਪਹਿਲਾਂ ਉਹ ਕੁਝ ਸਮਾਂ ਸਾਹਮਣੇ ਵਾਲੀ ਸੜਕ ’ਤੇ ਸੈਰ ਕਰ ਰਹੀ ਸੀ। ਇਸ ਦੌਰਾਨ ਯਾਇਲੋ ਕਾਰ ਨੇ ਉਸ ਨੂੰ ਟੱਕਰ ਮਾਰੀ। ਸਵੀਟੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਚੈਕ ਕੀਤੀ ਤਾਂ ਪੁਲੀਸ ਨੂੰ ਸ਼ੱਕ ਹੋਇਆ। ਜਾਂਚ ਦੌਰਾਨ ਪਤਾ ਲੱਗਿਆ ਕਿ ਲਖਵਿੰਦਰ ਸਿੰਘ ਲੱਖਾ ਨਾਲ ਸਵੀਟੀ ਦੇ ਨਾਜਾਇਜ਼ ਸਬੰਧ ਸਨ। ਲੱਖਾ ਵਿਆਹ ਕਰਨਾ ਨਹੀਂ ਚਾਹੁੰਦਾ ਸੀ ਤੇ ਕਈ ਵਾਰ ਸਵੀਟੀ ਨੂੰ ਮਨ੍ਹਾਂ ਕਰ ਚੁੱਕਿਆ ਸੀ। ਮਗਰੋਂ ਲੱਖਾ ਨੇ ਸਾਥੀਆਂ ਨਾਲ ਮਿਲ ਕੇ ਸਵੀਟੀ ਨੂੰ ਕਤਲ ਕਰਨ ਦੀ ਯੋਜਨਾ ਬਣਾਈ। ਮਗਰੋਂ ਲੱਖਾ ਨੇ ਤਲਵਿੰਦਰ ਸਿੰਘ ਉਰਫ਼ ਪਿੰਦਾ ਅਤੇ ਡਰਾਈਵਰ ਅਜਮੇਰ ਨੂੰ ਨਾਲ ਲਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ।