ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਧਰਮ ਅਤੇ ਵਿਰਸਾ ਕਲੱਬ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦਾ ਤੀਸਰਾ ਰਾਜ ਪੱਧਰੀ ਸੱਭਿਆਚਾਰ ਸਮਾਗਮ ਅਤੇ ਪਹਿਲਾ ਭੰਗੜਾ ਕੱਪ-2023 ਮੁਕਾਬਲਾ ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਇਆ ਗਿਆ। ਇਸ ਵਿੱਚ ਧਰਮ ਅਤੇ ਵਿਰਸਾ ਕਲੱਬ ਦੀ ਫਲਾਵਰ ਟੀਮ ਨੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਚੰਗੀ ਵਾਹ ਵਾਹ ਖੱਟੀ ਉੱਥੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਲੜਕਿਆਂ ਦੀਆਂ ਭੰਗੜਾ ਟੀਮਾਂ ਅਤੇ ਲੜਕੀਆਂ ਦੀਆਂ ਗਿੱਧੇ ਦੀਆਂ ਟੀਮਾਂ ਨੇ ਵਧੀਆ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ।
ਭੰਗੜਾ ਕੱਪ ਲਈ ਹੋਏ ਮੁਕਾਬਲੇ ਵਿੱਚ ਐਲਪੀਯੂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਰੀਅਲ ਫੋਕ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੇ ਦੂਜਾ ਅਤੇ ਜੀਐਨਈ ਕਾਲਜ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਕਲੱਬ ਦੇ ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਵਾਈਸ ਚੇਅਰਮੈਨ ਮਨਜੀਤ ਸਿੰਘ ਹਰਮਨ ਤੇ ਸਮੁੱਚੀ ਟੀਮ ਵੱਲੋਂ ਜੇਤੂ ਟੀਮ ਨੂੰ 31 ਹਜ਼ਾਰ, ਦੂਜੇ ਸਥਾਨ ਵਾਲੀ ਟੀਮ ਨੂੰ 21 ਹਜ਼ਾਰ ਨਕਦ ਰਾਸ਼ੀ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਢੋਲੀ ਦਾ ਐਵਾਰਡ ਜੀਐਨਈ ਦੇ ਬਿੰਦਰ ਨੂੰ, ਬੈਸਟ ਬੋਲੀ ਸਿੰਗਰ ਦਾ ਐਵਾਰਡ ਦੇ ਗੁਰਪ੍ਰੀਤ ਸਿੰਘ, ਬੈਸਟ ਡਾਂਸਰ ਦਾ ਖਿਤਾਬ ਐਲਪੀਯੂ ਦੇ ਗੁਰਜੀਵਨ ਸਿੰਘ ਨੂੰ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ।