ਪੱਤਰ ਪ੍ਰੇਰਕ
ਮਾਛੀਵਾੜਾ, 20 ਅਗਸਤ
ਪਿੰਡ ਖੇੜਾ ਵਿੱਚ ਨੌਜਵਾਨ ਕੁਲਵਿੰਦਰ ਸਿੰਘ ਦੇ ਕਤਲ ਮਾਮਲੇ ’ਚ ਮਾਛੀਵਾੜਾ ਪੁਲੀਸ ਵੱਲੋਂ ਲੋੜੀਂਦੇ ਮੁੱਖ ਮੁਲਜ਼ਮ ਮਲਕੀਤ ਸਿੰਘ ਉਰਫ਼ ਮੰਤਰੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ ’ਚ ਪਹਿਲਾਂ ਹੀ ਉਸਦੇ ਭਰਾ ਸੋਨੂੰ ਵੀ ਪੁਲੀਸ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਬੰਧੀ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਥਾਣਾ ਦੇ ਮੁਖੀ ਪਵਿੱਤਰ ਸਿੰਘ ਪਿੰਡ ਇਰਾਕ ਤੋਂ ਮਾਛੀਵਾੜਾ ਵੱਲ ਆ ਰਹੇ ਸਨ ਕਿ ਰਸਤੇ ਵਿੱਚ ਪਿੰਡ ਭੱਟੀਆਂ ਨੇੜੇ ਮੰਤਰੀ ਪੁਲੀਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਪੁਲੀਸ ਕਰਮਚਾਰੀਆਂ ਨੇ ਤੁਰੰਤ ਮੁਸਤੈਦੀ ਵਰਤਦਿਆਂ ਉਸ ਨੂੰ ਕਾਬੂ ਕਰ ਲਿਆ। ਇਸ ਸਬੰਧੀ ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਜਿਸ ਕਾਰ ਨਾਲ ਕੁਲਵਿੰਦਰ ਸਿੰਘ ਨੂੰ ਦਰੜਿਆ ਗਿਆ ਸੀ, ਉਸਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੋ ਦਿਨਾਂ ਵਿੱਚ ਹੀ ਪਿੰਡ ਖੇੜਾ ਵਿੱਚ ਹੋਏ ਨੌਜਵਾਨ ਦੇ ਕਤਲ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਘਟਨਾ ਮੌਕੇ ਇਨ੍ਹਾਂ ਨਾਲ ਕੋਈ ਹੋਰ ਵਿਅਕਤੀ ਮੌਜੂਦ ਸੀ ਜਾਂ ਨਹੀਂ।
ਦੂਜੇ ਪਾਸੇ, ਪੁਲੀਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਜਿਸ ਉਪਰੰਤ ਪਿੰਡ ਵਿੱਚ ਨਮ ਅੱਖਾਂ ਨਾਲ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਲੋਕਾਂ ਦੀ ਮੰਗ ਸੀ ਕਿ ਇਸ ਘਟਨਾ ਨੂੰ ਅੰਜਾਾਮ ਦੇਣ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੁਲੀਸ ਨੇ ਦੋ ਦਿਨਾਂ ਵਿੱਚ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ।