ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਨਸ਼ਾ ਛੁਡਾਊ ਕੇਂਦਰ ਦੀ ਆੜ ’ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਹਸਪਤਾਲ ਦੇ ਮੈਨੇਜਰ ਤੇ ਵਾਰਡ ਬੁਆਏ ਨੂੰ ਐਸਟੀਐਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਮਾਡਲ ਟਾਊਨ ਇਲਾਕੇ ’ਚ ਐਕਟਿਵਾ ਸਣੇ ਕਾਬੂ ਕੀਤਾ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ। ਐਸਟੀਐਫ਼ ਦੀ ਟੀਮ ਨੇ ਹੁਸ਼ਿਆਰਪੁਰ ਦੇ ਨਿਊ ਜਗਤਪੁਰਾ ਵਾਸੀ ਵੇਦਾਂਤ ਤੇ ਫੁੱਲਾਂਵਾਲ ਸਥਿਤ ਮੁਹੱਲਾ ਬਾਬਾ ਇੰਦਰ ਸਿੰਘ ਨਗਰ ਵਾਸੀ ਕਮਲਜੀਤ ਕੁਮਾਰ ਉਰਫ਼ ਕਮਲ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮਾਡਲ ਟਾਊਨ ਸਥਿਤ ਇੱਕ ਘਰ ’ਚੋਂ 23 ਹਜ਼ਾਰ ਨਸ਼ੀਲੀਆਂ ਗੋਲੀਆਂ ਹੋਰ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 27 ਹਜ਼ਾਰ ਗੋਲੀਆਂ ਮਿਲੀਆਂ ਹਨ। ਪੁਲੀਸ ਨੇ ਮੁਲਜ਼ਮਾਂ ਦਾ 2 ਦਿਨਾਂ ਰਿਮਾਂਡ ਲੈ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਉਨ੍ਹਾਂ ਦੇ ਫ਼ਰਾਰ ਚੱਲ ਰਹੇ ਸਤਥੀ ਤੇ ਮੁਖ ਤਸਕਰ ਬਰਨਾਲਾ ਵਾਸੀ ਹਨੀ ਗੋਇਲ ਦੀ ਭਾਲ ਕਰ ਰਹੀ ਹੈ। ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਵੇਦਾਂਤ ਸਿਮਰਨ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ’ਚ ਬਤੌਰ ਮੈਨੇਜਰ ਕੰਮ ਕਰਦਾ ਹੈ, ਜਦੋਂਕਿ ਮੁਲਜ਼ਮ ਕਮਲ ਵੀ ਸਿਮਰਨ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ’ਚ ਵਾਰਡ ਬੁਆਏ ਦਾ ਕੰਮ ਕਰਦਾ ਹੈ।