ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਜਮਹੂਰੀ ਅਤੇ ਤਰਕਸ਼ੀਲ ਜਥੇਬੰਦੀਆਂ ਨੇ ਦੇਸ਼ ਵਿੱਚ ਧਰਮ, ਜਾਤੀ ਅਤੇ ਫ਼ਿਰਕੂ ਰਾਜਨੀਤੀ ਕਰਨ ਵਾਲਿਆਂ ਨੂੰ ਲੋਕਾਂ ਵੱਲੋਂ ਨਕਾਰਨ ਦਾ ਸਵਾਗਤ ਕੀਤਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਉਪ ਪ੍ਰਧਾਨ ਪ੍ਰੋ. ਏਕੇ ਮਲੇਰੀ, ਤਰਕਸ਼ੀਲ ਸੁਸਾਇਟੀ (ਲੁਧਿਆਣਾ ਜ਼ੋਨ) ਦੇ ਜਥੇਬੰਦਕ ਮੁਖੀ ਜਸਵੰਤ ਜੀਰਖ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਡਾ. ਹਰਬੰਸ ਗਰੇਵਾਲ ਨੇ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਫ਼ਿਰਕਿਆਂ ਵਿੱਚ ਵੰਡ ਕੇ ਮਨੁੱਖਤਾ ਵਿਰੋਧੀ ਰਾਜਨੀਤੀ ਰਾਹੀਂ ਸੱਤਾ ’ਤੇ ਕਾਬਜ਼ ਰਹਿਣ ਵਾਲੇ ਸਿਆਸੀ ਆਗੂਆਂ ਦੇ ਅਸਲ ਮਨਸੂਬਿਆਂ ਬਾਰੇ ਅਕਸਰ ਦੇਰ ਸਵੇਰ ਲੋਕ ਸਮਝ ਹੀ ਲੈਂਦੇ ਹਨ। ਹੁਣੇ ਹੋਈਆਂ ਲੋਕ ਸਭਾ ਚੋਣਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਹੁਣ ਜ਼ਿਆਦਾ ਲੰਬਾ ਸਮਾਂ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਝੂਠੇ ਲਾਰਿਆਂ ਰਾਹੀਂ ਪਿੱਛੇ ਲਾਈ ਰੱਖਣਾ ਅਸੰਭਵ ਹੈ। ਲੋਕਾਂ ਨੇ ਧਰਮ ਦੇ ਆਧਾਰ ’ਤੇ ਕੀਤੀ ਜਾਂਦੀ ਸਿਆਸਤ ਰਾਹੀਂ ਸਮਾਜ ਵਿੱਚ ਵੰਡੀਆਂ ਪਾ ਕੇ ਆਪਣੀ ਕੁਰਸੀ ਸਲਾਮਤ ਰੱਖਣ ਵਾਲੀ ਖੇਡ ਖ਼ਤਮ ਕਰਨ ਲਈ ਅਹਿਮ ਜ਼ਿੰਮੇਵਾਰੀ ਨਿਭਾਈ ਹੈ। ਲੋਕਾਂ ਦੇ ਇਸ ਫ਼ੈਸਲੇ ਦਾ ਜਮਹੂਰੀ ਅਤੇ ਤਰਕਸ਼ੀਲ ਜਥੇਬੰਦੀਆਂ ਨੇ ਸੁਆਗਤ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਗੱਠਜੋੜ ਦੀ ਬਣੇ ਪਰ ਲੋਕਾਂ ਨੂੰ ਆਪਣੇ ਅਸਲ ਮੁੱਦੇ ਬੇਰੁਜ਼ਗਾਰੀ, ਸਿਹਤ ਸਹੂਲਤਾਂ, ਮਹਿੰਗਾਈ, ਚੰਗੀ ਸਿੱਖਿਆ ਆਦਿ ਦਾ ਹੱਲ ਕਰਵਾਉਣ ਦੀ ਆਵਾਜ਼ ਉਠਾਉਣ ਲਈ ਸੰਘਰਸ਼ ਕਰਨ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਗ਼ਦਰੀ ਬਾਬਿਆਂ, ਬੱਬਰਾਂ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇ ਗਏ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਅੱਗੇ ਵਧਿਆ ਜਾਵੇ।