ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਮਈ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦਾ ਕੀ ਹਾਲ ਹੈ, ਉਹ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦੇ ਕਿ ਨਿਗਮ ਵੱਲੋਂ ਟਰੇਡ ਲਾਇਸੈਂਸ ਦੀ ਸਾਲਾਨਾ ਫੀਸ 190 ਰੁਪਏ ਹੈ ਤੇ ਹੁਣ ਨਗਰ ਨਿਗਮ ਨੇ 56 ਦਿਨਾਂ ਦਾ ਇਸ ’ਤੇ ਜੁਰਮਾਨਾ ਲਗਾ ਕੇ 6790 ਰੁਪਏ ਦੀ ਮੰਗ ਕੀਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਲਾਇਸੈਂਸ ਲਈ ਪਹਿਲੀ ਅਪਰੈਲ ਤੋਂ ਬਾਅਦ ਫੀਸ ਜਮ੍ਹਾਂ ਕਰਵਾਉਣ ਵਾਲੇ ਕੋਲੋਂ 100 ਰੁਪਏ ਰੋਜ਼ਾਨਾ ਦਾ ਜੁਰਮਾਨਾ ਮੰਗਿਆ ਜਾ ਰਿਹਾ ਹੈ। ਇਸ ਸਬੰਧੀ ਭਾਜਪਾ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਬਾਂਸਲ ਦੀ ਅਗਵਾਈ ਵਿੱਚ ਆਗੂ ਨਿਗਮ ਕਮਿਸ਼ਨਰ ਦੇ ਦਫ਼ਤਰ ਪੁੱਜੇ। ਉਨ੍ਹਾਂ ਨੇ ਪੁਲੀਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਇਸ ਫਰਮਾਨ ਨੂੰ ਜਲਦ ਤੋਂ ਜਲਦ ਵਾਪਸ ਲਿਆ ਜਾਵੇ। ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਪੰਜਾਬ ਮਿਉਂਸਿਪਲ ਇੰਫਰਾਸਟ੍ਰਕਚਰ ਡਿਵੈਲਪਮੈਂਟ ਵੱਲੋਂ ਟਰੇਡ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਜੋ ਕੰਪਨੀ ਇਹ ਲਾਇਸੈਂਸ ਜਾਰੀ ਕਰ ਰਹੀ ਹੈ, ਉਸਨੂੰ ਨਗਰ ਨਿਗਮ ਨੇ ਹੁਕਮ ਜਾਰੀ ਕੀਤੇ ਹਨ ਕਿ 1 ਅਪਰੈਲ ਤੋਂ ਬਾਅਦ ਟਰੇਡ ਲਾਇਸੈਂਸ ਅਗਰ ਕੋਈ ਬਣਾਉਂਦਾ ਹੈ ਤਾਂ ਉਨ੍ਹਾਂ ਕੋਲੋਂ ਪਹਿਲੇ ਦਿਨ ਇੱਕ ਹਜ਼ਾਰ ਰੁਪਏ ਤੇ ਬਾਅਦ ਵਿੱਚ ਰੋਜ਼ਾਨਾ 100 ਰੁਪਏ ਰੋਜ਼ਾਨਾ ਦਾ ਜੁਰਮਾਨਾ ਲਿੱਤਾ ਜਾਵੇ।