ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਅਕਤੂਬਰ
ਜ਼ਿਲ੍ਹਾ ਮਲੇਰਕੋਟਲਾ ’ਚ ਹੋਰ ਇਲਾਕੇ ਸ਼ਾਮਲ ਕਰਨ ਸਬੰਧੀ ਖੰਨਾ, ਦੋਰਾਹਾ ਤੇ ਰਾਏਕੋਟ ਦੇ ਅਧਿਕਾਰੀਆਂ ਦੀ ਡੀ.ਸੀ ਲੁਧਿਆਣਾ ਵੱਲੋਂ ਬੁਲਾਈ ਬੈਠਕ ਸਬੰਧੀ ਪੱਤਰ ਜਾਰੀ ਹੋਣ ਦੀ ਚਰਚਾ ਇਲਾਕੇ ਦੇ ਲੋਕਾਂ ਵਿਚ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ।
ਖੰਨਾ ਤੇ ਪਾਇਲ ਹਲਕੇ ਦੇ ਲੋਕਾਂ ਵਿਚ ਚਰਚਾ ਛਿੜ ਗਈ ਕਿ ਇਨ੍ਹਾਂ ਹਲਕਿਆਂ ਨੂੰ ਮਲੇਰਕੋਟਲਾ ਜ਼ਿਲ੍ਹੇ ਨਾਲ ਜੋੜਿਆ ਜਾਵੇਗਾ, ਜਿਸ ਦਾ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਦੱਸਣਯੋਗ ਹੈ ਕਿ ਡੀਸੀ ਲੁਧਿਆਣਾ ਤੇ ਜ਼ਿਲ੍ਹਾ ਮਾਲ ਅਫ਼ਸਰ ਵੱਲੋਂ ਪੱਤਰ ਨੰਬਰ 9606-9612 ਸਕ/ਨਸਕ-2 ਮਿਤੀ 29.9.2023 ਜਾਰੀ ਕਰਕੇ ਅੱਜ 3 ਅਕਤੂਬਰ ਨੂੰ ਖੰਨਾ, ਦੋਰਾਹਾ ਤੇ ਰਾਏਕੋਟ ਦੇ ਐਸਡੀਐਮ, ਡੀਡੀਪੀਓ, ਬੀਡੀਪੀਓ ਤੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਨਵਾਂ ਜ਼ਿਲ੍ਹਾ ਹੋਂਦ ਵਿਚ ਆਉਣ ਉਪਰੰਤ ਇਸ ਦਾ ਦਾਇਰਾ ਵਧਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਪਾਇਲ ਹਲਕੇ ਦੇ ਬਲਾਕ ਮਲੌਦ ਦੇ ਪਿੰਡਾਂ ਨੂੰ ਨਵੇਂ ਜ਼ਿਲ੍ਹਾ ਮਲੇਰਕੋਟਲਾ ਵਿਚ ਸ਼ਾਮਲ ਕਰਨ ਦੀ ਚਰਚਾ ਛਿੜੀ ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਹੁਣ ਡੀਸੀ ਵੱਲੋਂ ਸੱਦੀ ਮੀਟਿੰਗ ਨੇ ਲੋਕਾਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ। ਇਥੇ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਪਿਛਲੇ 10 ਸਾਲ ਤੋਂ ਖੰਨਾ ’ਚ ਜ਼ਿਲ੍ਹਾ ਬਨਾਉਣ ਦਾ ਵਾਅਦਾ ਲੋਕਾਂ ਨਾਲ ਕੀਤਾ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਅਕਾਲੀ ਦਲ ਦੀ ਸਰਕਾਰ ਸਮੇਂ ਏਡੀਸੀ ਖੰਨਾ ਬੈਠਣਾ ਸ਼ੁਰੂ ਕਰਵਾਇਆ ਗਿਆ। ਇਸੇ ਦੌਰਾਨ ਅੱਜ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਡੀਸੀ ਦਫ਼ਤਰ ਲੁਧਿਆਣਾ ਵੱਲੋਂ ਆਈ ਚਿੱਠੀ ਸਬੰਧੀ ਉਨ੍ਹਾਂ ਦੀ ਗੱਲਬਾਤ ਹੋਈ ਹੈ। ਜਨਿ੍ਹਾਂ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਹੈ ਕਿ ਖੰਨਾ ਦਾ ਕੋਈ ਵੀ ਇਲਾਕਾ ਜਾਂ ਪਿੰਡ ਕਿਸੇ ਕੀਮਤ ’ਤੇ ਜ਼ਿਲ੍ਹਾ ਮਲੇਰਕੋਟਲਾ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਖੰਨਾ ਦੇ ਜਿਹੜੇ ਪਿੰਡਾਂ ਨੂੰ ਸ਼ਾਮਲ ਕਰਨ ਦੀ ਗੱਲ ਚੱਲ ਰਹੀ ਹੈ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਨਕਾਰ ਦੇ ਮਤੇ ਵੀ ਪਵਾ ਕੇ ਡੀਸੀ ਲੁਧਿਆਣਾ ਨੂੰ ਭੇਜ ਰਹੇ ਹਾਂ। ਇਸੇ ਤਰ੍ਹਾਂ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮਲੇਰਕੋਟਲਾ ਜ਼ਿਲ੍ਹੇ ਵਿਚ ਹਲਕਾ ਦੋਰਾਹਾ, ਪਾਇਲ ਤੇ ਮਲੌਦ ਦਾ ਕੋਈ ਵੀ ਹਲਕਾ ਜਾਂ ਪਿੰਡ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਇਲਾਕੇ ਦੇ ਲੋਕ ਨਿਸ਼ਚਿੰਤ ਰਹਿਣ। ਇਸ ਦੌਰਾਨ ਐਸਡੀਐਮ ਸਵਾਤੀ ਟਵਿਾਣਾ ਨੇ ਕਿਹਾ ਕਿ ਇਸ ਮਸਲੇ ਸਬੰਧੀ ਲੁਧਿਆਣਾ ਵਿਖੇ ਮੀਟਿੰਗ ਬੁਲਾਈ ਗਈ ਹੈ ਪਰ ਖੰਨਾ ਹਲਕੇ ਦੇ 67 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਲੇਰਕੋਟਲਾ ਜ਼ਿਲ੍ਹਾ ਵਿਚ ਸ਼ਾਮਲ ਨਾ ਹੋਣ ਸਬੰਧੀ ਮਤੇ ਪਾਏ ਗਏ ਹਨ, ਜਿਸ ਦੀ ਜਾਣਕਾਰੀ ਡੀਸੀ ਲੁਧਿਆਣਾ ਨੂੰ ਦੇ ਦਿੱਤੀ ਜਾਵੇਗੀ।
ਰਾਏਕੋਟ ਨੂੰ ਮਾਲੇਰਕੋਟਲਾ ਜ਼ਿਲ੍ਹੇ ਨਾਲ ਜੋੜਨ ਦੀ ਚਰਚਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਦੇ ਕੁਝ ਹਿੱਸੇ ਨਵੇਂ ਬਣੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦੀ ਸਰਕਾਰੀ ਤਜਵੀਜ਼ ਸਾਹਮਣੇ ਆਉਣ ਤੋਂ ਬਾਅਦ ਰਾਏਕੋਟ ਹਲਕੇ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ, ਕਿਉਂਕਿ ਰਾਏਕੋਟ ਹਲਕਾ ਵੀ ਉਨ੍ਹਾਂ ਕੁਝ ਹਲਕਿਆਂ ਵਿੱਚ ਸ਼ਾਮਲ ਹੈ ਜਿੰਨ੍ਹਾਂ ਨੂੰ ਮਲੇਰਕੋਟਲਾ ਜ਼ਿਲ੍ਹੇ ਨਾਲ ਜੋੜਨ ਲਈ ਪ੍ਰਸ਼ਾਸਨ ਵਲੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਇਲਾਕਾ ਨਵਿਾਸੀਆਂ ਦੀ ਇੱਕ ਮੀਟਿੰਗ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪੁੱਜੇ ਆਗੂਆਂ ਵਲੋਂ ਇੱਕਸੁਰ ਹੋ ਕੇ ਸਰਕਾਰ ਦੀ ਇਸ ਤਜਵੀਜ਼ ਦਾ ਤਿੱਖਾ ਵਿਰੋਧ ਕਰਦੇ ਹੋਏ ਇਸ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਰਾਏਕੋਟ ਲੁਧਿਆਣੇ ਜ਼ਿਲ੍ਹੇ ਦਾ ਹਿੱਸਾ ਹੈ ਅਤੇ ਰਹੇਗਾ, ਜੇਕਰ ਰਾਏਕੋਟ ਹਲਕੇ ਨੂੰ ਲੁਧਿਆਣਾ ਜ਼ਿਲ੍ਹੇ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਏਕੋਟ ਵਾਸੀ ਇਸ ਦਾ ਤਿੱਖਾ ਵਿਰੋਧ ਕਰਨਗੇ ਅਤੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ। ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਰਾਏਕੋਟ ਪਹਿਲਾਂ ਹੀ ਕਾਫ਼ੀ ਪੱਛੜਿਆ ਹੋਇਆ ਇਲਾਕਾ ਹੈ, ਜੇਕਰ ਇਸ ਨੂੰ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਹ ਹਲਕਾ ਹੋਰ ਵੀ ਪੱਛੜ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਏਕੋਟ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ ਅਤੇ ਇਸ ਸਬੰਧੀ ਡਿਪਟੀ ਕਮਿਸ਼ਨ ਲੁਧਿਆਣਾ ਨੂੰ ਮਿਲ ਕੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਉਣਗੇ। ਜੇਕਰ ਫਿਰ ਵੀ ਸਰਕਾਰ ਆਪਣੇ ਫੈਸਲੇ ’ਤੇ ਬਜ਼ਿੱਦ ਰਹਿੰਦੀ ਹੈ ਤਾਂ ਇਲਾਕੇ ਦੋ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ। ਇਸ ਮੌਕੇ ਇੱਕ ਸਾਂਝੀ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਸਲਿਲ ਜੈਨ, ਕੁਲਵਿੰਦਰ ਸਿੰਘ ਭੱਟੀ, ਗੁਰਮੇਲ ਸਿੰਘ ਆਂਡਲੂ, ਸਾਬਕਾ ਕੌਂਸਲਰ ਬੂਟਾ ਸੰਘ ਛਾਪਾ, ਸਾਬਕਾ ਕੌਂਸਲਰ ਨਛੱਤਰ ਸਿੰਘ, ਕੇ.ਕੇ.ਸ਼ਰਮਾਂ, ਜਥੇਦਾਰ ਪ੍ਰੇਮ ਸਿੰਘ, ਮੇਜਰ ਸਿੰਘ ਗਿੱਲ, ਕਪਿਲ ਗਰਗ, ਮਨੋਜ ਜੈਨ, ਇੰਦਰਜੀਤ ਸਿੰਘ ਗੋਂਦਵਾਲ, ਵਿਕਰਮ ਬਾਂਸਲ, ਗਿਆਨੀ ਜਸਮੇਲ ਸਿੰਘ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਮੌਜੂਦ ਸਨ।
ਰਾਏਕੋਟ ਨੂੰ ਮਾਲੇਰਕੋਟਲਾ ਜ਼ਿਲ੍ਹੇ ’ਚ ਸ਼ਾਮਲ ਕਰਨ ਦਾ ਜਗਰਾਉਂ ਵਿੱਚ ਵੀ ਵਿਰੋਧ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ) ਪਿਛਲੇ ਦਿਨਾਂ ਤੋਂ ਰਾਏਕੋਟ ਤਹਿਸੀਲ ਨੂੰ ਮਾਲੇਰਕੋਟਲੇ ਜ਼ਿਲ੍ਹੇ ‘ਚ ਸ਼ਾਮਲ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਜਿੱਥੇ ਇਸ ਸੰਭਾਵੀ ਫ਼ੈਸਲੇ ਦਾ ਰਾਏਕੋਟ ‘ਚ ਤਿੱਖਾ ਵਿਰੋਧ ਸ਼ੁਰੂ ਹੋਇਆ ਹੈ, ਉਥੇ ਹੀ ਜਗਰਾਉਂ ਅੰਦਰ ਵੀ ਇਸ ਖ਼ਿਲਾਫ਼ ਵਿਰੋਧ ਉੱਠਿਆ ਹੈ। ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਕਰਨ ਵਾਲੇ ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਆੜ੍ਹਤੀ ਐਸੋਸੀਏਸ਼ਨ ਦੇ ਆਗੂ ਰਾਜ ਕੁਮਾਰ ਭੱਲਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ ਸਦਰਪੁਰਾ, ਗੁਰਤੇਜ ਸਿੰਘ ਗਿੱਲ ਅਤੇ ਐਡਵੋਕੇਟ ਰਘਵੀਰ ਸਿੰਘ ਤੂਰ ਨੇ ਲਿਖਤੀ ਬਿਆਨ ‘ਚ ਕਿਹਾ ਕਿ ਤਹਿਸੀਲ ਰਾਏਕੋਟ ਨੂੰ ਮਾਲੇਰਕੋਟਲੇ ਜ਼ਿਲ੍ਹੇ ‘ਚ ਰਲਾਉਣਾ ਜਿੱਥੇ ਰਾਏਕੋਟ ਦੇ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੈ ਉਥੇ ਜਗਰਾਉਂ ਤਹਿਸੀਲ ਨਾਲ ਵੀ ਵੱਡੀ ਜ਼ਿਆਦਤੀ ਹੈ। ਸ੍ਰੀ ਅਖਾੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਬਾਰ ਐਸੋਸੀਏਸ਼ਨ ਜਗਰਾਉਂ ਅਤੇ ਸਾਰੀਆਂ ਜਥੇਬੰਦੀਆਂ ਸਮੇਤ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਦਾਖਾ ਹਲਕਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਸਰਕਾਰ ਨੇ ਜੇਕਰ ਇਸ ਦਿਸ਼ਾ ‘ਚ ਕਦਮ ਅੱਗੇ ਵਧਾਇਆ ਤਾਂ ਇਸ ਦਾ ਜਨਤਕ ਵਿਰੋਧ ਹੋਵੇਗਾ ਅਤੇ ਇਸ ਖ਼ਿਲਾਫ਼ ਅੰਦੋਲਨ ਵੀ ਕੀਤਾ ਜਾਵੇਗਾ।