ਪੱਤਰ ਪ੍ਰੇਰਕ
ਜਗਰਾਉਂ, 29 ਮਈ
ਲਾਲਾ ਲਾਜਪਤ ਰਾਏ ਡੀਏਵੀ ਕਾਲਜ ਵਿੱਚ ਕਿਸੇ ਬਾਹਰੀ ਸੰਸਥਾ ਦੇ ਲਗਾਏ ਮਸ਼ਹੂਰੀ ਬੋਰਡਾਂ ਨੂੰ ਅੱਗ ਲਗਾਉਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਪੁਲੀਸ ਦੀ ਕਾਰਵਾਈ ਵੀ ਇਸ ਮਾਮਲੇ ਨੂੰ ਲੈ ਕੇ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਸ਼ੱਕ ਦੇ ਘੇਰੇ ਵਿੱਚ ਆਏ ਮੁਲਾਜ਼ਮਾਂ ’ਚ ਰੋਸ ਦੀ ਲਹਿਰ ਹੈ। ਇਸ ਮਾਮਲੇ ਵਿੱਚ ਸ਼ੱਕ ਦੇ ਆਧਾਰ ’ਤੇ ਪੜਤਾਲ ਦਾ ਸਾਹਮਣਾ ਕਰ ਰਹੇ ਕਲਰਕ ਰਾਜੇਸ਼ ਕੁਮਾਰ ਪਾਂਡੇ, ਗੁਲਸ਼ਨ ਕੁਮਾਰ, ਡਰਾਈਵਰ ਰਾਜੇਸ਼ ਕੁਮਾਰ, ਚੌਕੀਦਾਰ ਹਰਜੀਤ ਕੁਮਾਰ ਆਦਿ ਨੇ ਦੱਸਿਆ ਕਿ ਉਹ ਕਰੀਬ 20-22 ਵਰ੍ਹਿਆਂ ਤੋਂ ਕਾਲਜ ਕੈਂਪਸ ਵਿੱਚ ਪਰਿਵਾਰਾਂ ਸਣੇ ਰਹਿ ਰਹੇ ਹਨ। ਪਿਛਲੇ ਦਿਨਾਂ ਵਿੱਚ ਕਾਲਜ ਦੀ ਤਾਰਾਂ ਵਾਲੀ ਗਰਾਊਂਡ ਵਿੱਚ ਕਾਲਜ ਦੇ ਸਹਾਇਕ ਲਾਇਬ੍ਰੇਰੀਅਨ ਰਜਨੀ ਸ਼ਰਮਾ ਅਤੇ ਅਧਿਆਪਕ ਦਿਨੇਸ਼ ਗੁਪਤਾ ਨੇ ਕਿਸੇ ਸਕੂਲ ਦੇ ਬੋਰਡ ਲਗਵਾਏ ਸਨ। ਇਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਰਾਤ ਨੂੰ ਅੱਗ ਲਗਾ ਦਿੱਤੀ। ਬਾਅਦ ਵਿੱਚ ਕਾਲਜ ਪ੍ਰਿੰਸੀਪਲ ਡਾ. ਅਨੁਜ ਕੁਮਾਰ ਦੀਆਂ ਹਦਾਇਤਾਂ ’ਤੇ ਉਹ ਬੋਰਡ ਗਰਾਊਂਡ ਵਿੱਚੋਂ ਹਟਾ ਕੇ ਕਾਲਜ ਦੇ ਪੋਸਟਗ੍ਰੈਜੂਏਟ ਵਿਭਾਗ ਨੇੜਲੇ ਲਾਅਨ ਵਿੱਚ ਲਗਾ ਦਿੱਤੇ ਗਏ। ਪਰ ਤਰਾਸਦੀ ਇਹ ਰਹੀ ਕਿ ਇੱਥੇ ਵੀ 18-19 ਮਈ ਦੀ ਰਾਤ ਨੂੰ ਕਿਸੇ ਨੇ ਫਿਰ ਬੋਰਡਾਂ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੀ ਫੁਟੇਜ ਪੁਲੀਸ ਨੂੰ ਦਿੱਤੀ ਗਈ ਹੈ। ਫਿਰ ਵੀ ਇਹ ਮਸਲਾ ਗੁੰਝਲਦਾਰ ਬਣਿਆ ਹੋਇਆ ਹੈ। ਸ਼ੱਕ ਦੇ ਘੇਰੇ ਵਿੱਚ ਆਏ ਮੁਲਾਜ਼ਮਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਸੱਚ ਸਾਹਮਣੇ ਲਿਆਉਣ ਲਈ ਅਪੀਲ ਕੀਤੀ ਹੈ।
ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।