ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਪਰੈਲ
ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਭੇਤਭਰੀ ਹਾਲਤ ਵਿੱਚ ਲਾਪਤਾ ਹੋਈ ਚਾਰ ਸਾਲ ਦੀ ਬੱਚੀ ਨੂੰ ਫੇਸਬੁੱਕ ਜਰੀਏ ਕੁਝ ਘੰਟਿਆਂ ਵਿੱਚ ਹੀ ਸਹੀ ਸਲਾਮਤ ਬਰਾਮਦ ਕਰਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਏਸੀਪੀ ਕੇਂਦਰੀ ਹਰਸਿਮਰਤ ਸਿੰਘ ਨੇ ਦੱਸਿਆ ਹੈ ਕਿ ਕਾਰਾਬਾਰਾ ਵਾਸੀ ਯਾਸਮੀਨ ਦੀ ਚਾਰ ਸਾਲਾ ਬੱਚੀ ਤਨੂੰ ਬੀਤੇ ਦਿਨ ਲਾਪਤਾ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਸ ਦੇ ਘਰ ਤੋਂ ਫੈਕਟਰੀ ਤੱਕ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਕੋਈ ਅਣਪਛਾਤਾ ਲੜਕਾ ਸੜਕ ’ਤੇ ਇਕੱਲੀ ਜਾ ਰਹੀ ਬੱਚੀ ਨੂੰ ਆਪਣੇ ਨਾਲ ਲੈ ਗਿਆ ਹੈ। ਇਸ ਦੌਰਾਨ ਬੱਚੀ ਨੂੰ ਲਿਜਾਣ ਵਾਲੇ ਅਜਮਲ ਅੰਸਾਰੀ ਵਾਸੀ ਕੁੰਦਨ ਮਪੁਰੀ ਨੇ ਬੱਚੀ ਨਾਲ ਆਪਣੀ ਫੋਟੋ ਖਿੱਚ ਕੇ ਫੇਸਬੁੱਕ ਉੱਪਰ ਅਪਲੋਡ ਕਰ ਦਿੱਤੀ ਅਤੇ ਬੱਚੀ ਦੇ ਵਾਰਿਸਾਂ ਬਾਰੇ ਸੂਚਿਤ ਕਰਨ ਬਾਰੇ ਕਿਹਾ ਗਿਆ। ਫੇਸਬੁੱਕ ’ਤੇ ਪੋਸਟ ਦੇਖਣ ਮਗਰੋਂ ਪੁਲੀਸ ਪਾਰਟੀ ਨੇ ਅਜਮਲ ਅੰਸਾਰੀ ਤੋਂ ਲੜਕੀ ਲੈ ਕੇ ਵਾਰਸਾਂ ਨੂੰ ਸੌਂਪੀ। ਇਸ ਮੌਕੇ ਏਸੀਪੀ ਹਰਸਿਮਰਤ ਸਿੰਘ ਵੱਲੋਂ ਨੌਜਵਾਨ ਦੀ ਸ਼ਲਾਘਾ ਕੀਤੀ ਗਈ।