ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਕਤੂਬਰ
ਮਹਾਤਮਾ ਗਾਂਧੀ ਦੀ 152ਵੀਂ ਜੈਅੰਤੀ ਨੂੰ ਮਨਾਉਂਦਿਆਂ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਧਾਂਦਰਾ ਪਿੰਡ ਵਿੱਚ 24.01 ਲੱਖ ਰੁਪਏ ਦੇ ਲਾਗਤ ਵਾਲੇ ਤਿੰਨ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ਵਿੱਚ 6.40 ਲੱਖ ਰੁਪਏ ਦਾ ਸੋਲਿਡ ਵੇਸਟ ਮੈਨੇਜਮੈਂਟ, 5 ਲੱਖ ਰੁਪਏ ਦੀ ਲਾਇਬ੍ਰੇਰੀ ਅਤੇ 12.61 ਲੱਖ ਰੁਪਏ ਦੀ ਲਾਗਤ ਵਾਲਾ ਨੇਕੀ ਦਾ ਘਰ ਸ਼ਾਮਲ ਹੈ। ਵਿਧਾਇਕ ਵੈਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਤਹਿਤ ਧਾਂਦਰਾ ਕਲੱਸਟਰ ਅਧੀਨ ਆਉਂਦੇ 21 ਪਿੰਡਾਂ ਵਿੱਚੋਂ ਇਕੱਠੇ ਕੀਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਕੇ ਖਾਦ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੇਕੀ ਦਾ ਘਰ ਪ੍ਰਾਜੈਕਟ ਤਹਿਤ ਸੈਲਫ ਹੈਲਪ ਗਰੁੱਪਾਂ ਦੇ ਵਾਲੰਟੀਅਰ ਸਿੰਗਲ-ਯੂਜ਼ ਪਲਾਸਟਿਕ ਲਿਫ਼ਾਫੇ ਦੇ ਖ਼ਤਰੇ ਨੂੰ ਖਤਮ ਕਰਨ, ਨੇਕੀ ਦੇ ਘਰ ਵਿੱਚ ਲੋਕਾਂ ਦੁਆਰਾ ਦਾਨ ਕੀਤੇ ਜਾਣ ਵਾਲੇ ਕੱਪੜਿਆਂ ਤੋਂ ਥੈਲੇ ਤਿਆਰ ਕਰਨਗੇ। ਵੈਦ ਨੇ ਕਿਹਾ ਕਿ ਲਾਇਬ੍ਰੇਰੀ ਲੋਕਾਂ, ਖਾਸ ਕਰਕੇ ਪਿੰਡ ਦੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪਾਉਣ ਵਿੱਚ ਸਹਾਇਤਾ ਕਰੇਗੀ।