ਗਗਨਦੀਪ ਅਰੋੜਾ
ਲੁਧਿਆਣਾ, 19 ਜੁਲਾਈ
ਸਨਅਤੀ ਸ਼ਹਿਰ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਨਗਰ ਨਿਗਮ ਜ਼ੋਨ ਸੀ ਵਿੱਚ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਮਿਲਣੀ ਕੀਤੀ। ਇਸ ਮੌਕੇ ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਨਾਲ ਹੀ ਉਨ੍ਹਾਂ ਦਾ ਨਬਿੇੜਾ ਵੀ ਕਰਵਾਇਆ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੂਨਮਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਬ੍ਰਾਂਚਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਸਿੱਧੂ ਨੇ ਦੱਸਿਆ ਕਿ ਅੱਜ ਲੋਕ ਮਿਲਣੀ ਵਿੱਚ 100 ਦੇ ਕਰੀਬ ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚ 15-20 ਪੁਲੀਸ ਵਿਭਾਗ ਨਾਲ ਸਬੰਧਤ ਸਨ, 10-15 ਬਿਜਲੀ ਵਿਭਾਗ ਅਤੇ ਬਾਕੀ ਨਗਰ ਨਿਗਮ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਕਰੀਬ 5 ਲੱਖ ਰੁਪਏ ਦੀ ਰਿਕਵਰੀ ਵੀ ਕੀਤੀ ਗਈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਾਰੇ ਜ਼ੋਨਲ ਕਮਿਸ਼ਨਰ ਅਤੇ ਨਿਗਰਾਨ ਇੰਜਨੀਅਰਾਂ ਨੂੰ ਦਿਸਾ-ਨਿਰਦੇਸ਼ ਦਿੱਤੇ ਗਏ ਕਿ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਵੱਲੋਂ ਆਮ ਪਬਲਿਕ ਨੂੰ ਰੋਜ਼ਾਨਾ ਦਫਤਰੀ ਸਮੇਂ ਵਿੱਚ ਸਵੇਰੇ 9 ਤੋ 11 ਵਜੇ ਤੱਕ ਮਿਲਿਆ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਵਿਧਾਇਕ ਸਿੱਧੂ ਵੱਲੋਂ ਸਮੂਹ ਨਿਗਰਾਨ ਇੰਜਨੀਅਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਉਹ ਰੋਜ਼ਾਨਾ ਚੈਕਿੰਗ ਕਰਨਗੇ। ਉਨ੍ਹਾਂ ਅੱਗੇ ਕਿਹਾ ਜ਼ੋਨਲ ਕਮਿਸ਼ਨਰਜ ਵੱਲੋ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਮੀਟਿੰਗ ਕਰਨੀ ਹੈ ਤਾਂ ਹਰ ਬੁੱਧਵਾਰ ਨੂੰ ਸ਼ਾਮ 5 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਜੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਂਚ ਰੋਜ਼ਾਨਾ ਸ਼ਾਮ 3 ਵਜੇਂ ਤੋਂ ਬਾਅਦ ਕਰਨ ਦੀ ਹਦਾਇਤ ਕੀਤੀ।