ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਜੁਲਾਈ
ਇਥੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਸਥਾਨਕ ਸਿਵਲ ਹਸਪਤਾਲ, ਨਵੇਂ ਬਣੇ ਜੱਚਾ-ਬੱਚਾ ਕੇਂਦਰ, ਮੁਹੱਲਾ ਕਲੀਨਿਕ ਆਦਿ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨਾਲ ਨਿਰੀਖਣ ਟੀਮ ’ਚ ਹਾਜ਼ਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨੇ ਸ਼ਹਿਰ ਦੀਆਂ ਲੋੜਾਂ ਅਤੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਵੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਵਿਚਾਰ ਚਰਚਾ ਕੀਤੀ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਆਖਿਆ ਕਿ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆ ਸਹੂਲਤਾਂ ਸਹੀ ਸਮੇਂ ਅਤੇ ਸਹੀ ਰੂਪ ’ਚ ਪਹੁੰਚਾਉਣੀਆਂ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੈ। ਸਰਬਜੀਤ ਕੌਰ ਮਾਣੂੰਕੇ ਨੇ ਸ਼ਹਿਰ ਅਤੇ ਇਲਾਕੇ ਦੀਆਂ ਅਹਿਮ ਲੋੜਾਂ ਦੀ ਪੂਰਤੀ ਲਈ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕਰਦਿਆਂ ਚੱਲ ਰਹੇ ਅਤੇ ਹੋਰ ਮਿਲਣ ਵਾਲੇ ਨਵੇਂ ਪ੍ਰਾਜੈਕਟਾਂ ਬਾਰੇ ਵੀ ਗੱਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਜਗਰਾਓਂ ’ਚ ਕੰਮ ਕਰ ਰਹੀ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਤੋਂ ਕੀਤੇ ਜਾ ਰਹੇ ਕੰਮ ਬਾਰੇ ਜਾਣਿਆ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਕੀਤਾ।
ਆਈਪੀਐੱਸ ਚੁਣੇ ਹੋਣਹਾਰ ਨੌਜਵਾਨ ਦਾ ਸਨਮਾਨ
ਜਗਰਾਉਂ: ਯੂਪੀਐੱਸਸੀ ਦੀ ਪ੍ਰੀਖਿਆ ’ਚ 388 ਰੈਂਕ ਨਾਲ ਆਈਪੀਐੱਸ ਚੁਣੇ ਗਏ ਜਗਰਾਉਂ ਦੇ ਹੋਣਹਾਰ ਨੌਜਵਾਨ ਉਮੇਸ਼ ਗੋਇਲ ਦਾ ਅੱਜ ਲੋਕ ਸੇਵਾ ਸੁਸਾਇਟੀ ਨੇ ਸਨਮਾਨ ਕੀਤਾ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪ੍ਰਿੰ. ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ’ਚ ਇਥੇ ਰੇਲਵੇ ਸਟੇਸ਼ਨ ਸਾਹਮਣੇ ਇਹ ਸਾਦਾ ਸਨਮਾਨ ਸਮਾਗਮ ਹੋਇਆ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵਿਸ਼ੇਸ਼ ਤੌਰ ’ਤੇ ਪਹੁੰਚੇ। -ਨਿੱਜੀ ਪੱਤਰ ਪ੍ਰੇਰਕ