ਗਗਨਦੀਪ ਅਰੋੜਾ
ਲੁਧਿਆਣਾ, 26 ਅਕਤੂਬਰ
ਡੀਸੀ ਕੰਪਲੈਕਸ ’ਚ ਬਣੀ ਹੋਈ ਬਹੁਮੰਜ਼ਿਲਾ ਪਾਰਕਿੰਗ ਵਿੱਚ ਲਗਾਤਾਰ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਸੀ। ਇਸ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅਚਨਚੇਤ ਇਥੇ ਛਾਪਾ ਮਾਰਿਆ। ਜਿਥੇ ਵੱਡੀਆਂ ਖਾਮੀਆਂ ਪਾਈਆਂ ਜਾਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ।
ਸਥਾਨਕ ਲੋਕਾਂ ਵਲੋਂ ਵਿਧਾਇਕ ਗੋਗੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੇ ਠੇਕੇਦਾਰ ਵੱਲੋਂ ਓਵਰ ਚਾਰਜਿੰਗ ਦੇ ਨਾਲ-ਨਾਲ ਪਾਰਕਿੰਗ ਵਿੱਚ ਗੱਡੀਆਂ ਤੇ ਮੋਟਰਸਾਈਕਲ ਖੜ੍ਹੇ ਕਰਨ ਵਾਲੇ ਲੋਕਾਂ ਨਾਲ ਦੁਰਵਿਵਹਾਰ ਵੀ ਕੀਤਾ ਜਾਂਦਾ ਹੈ।
ਵਿਧਾਇਕ ਗੋਗੀ ਵਲੋਂ ਫੌਰੀ ਤੌਰ ’ਤੇ ਕਾਰਵਾਈ ਕਰਦਿਆਂ ਚੱਲ ਰਹੀ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ ਜਿੱਥੇ ਠੇਕੇਦਾਰ ਵੱਲੋਂ ਵੱਧ ਵਸੂਲੀ ਕੀਤੀ ਜਾ ਰਹੀ ਸੀ ਅਤੇ ਆਮ ਜਨਤਾ ਨਾਲ ਵਤੀਰਾ ਵੀ ਸਹੀ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਨਿਯਮਾਂ ਅਨੁਸਾਰ ਤੈਅਸ਼ੁਦਾ ਰੇਟ ਲਿਸਟ ਵੀ ਨਹੀਂ ਲਗਾਈ ਗਈ।
ਵਿਧਾਇਕ ਗੋਗੀ ਵੱਲੋਂ ਠੇਕੇਦਾਰ ਦੀ ਤਾੜਨਾ ਕਰਦਿਆਂ ਕਿਹਾ ਕਿ ਪਾਰਕਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ ਅਤੇ ਆਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ-ਖਸੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਅਦ ਵਿੱਚ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਵੀ ਮੁਲਾਕਾਤ ਕੀਤੀ ਗਈ, ਜਿੱਥੇ ਉਨ੍ਹਾਂ ਪਾਰਕਿੰਗ ਠੇਕੇਦਾਰ ਵਲੋਂ ਆਮ ਜਨਤਾ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਜਾਣੂੰ ਕਰਵਾਇਆ ਗਿਆ।
ਵਿਧਾਇਕ ਗੋਗੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਗਿਆ ਕਿ ਜਲਦ ਠੇਕੇਦਾਰ ਨੂੰ ਨੋਟਿਸ ਕੱਢ ਕੇ ਉਸ ਦੇ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵਿਧਾਇਕ ਗੋਗੀ ਦੇ ਮੀਡੀਆ ਇੰਚਾਰਜ਼ ਨਵੀਨ ਗੋਗਨਾ, ਸਤਨਾਮ ਸਿੰਘ ਸੰਨੀ ਮਾਸਟਰ, ਰਜੀਵ ਗੁਗਲਾਨੀ, ਰਾਹੁਲ ਦੱਤ ਵੀ ਮੌਜੂਦ ਸਨ।
ਵਿਧਾਇਕ ਦੇ ਜਾਂਦੇ ਹੀ ਫਿਰ ਸ਼ੁਰੂ ਹੋਈ ਨਾਜਾਇਜ਼ ਵਸੂਲੀ
ਵਿਧਾਇਕ ਗੋਗੀ ਦੇ ਜਾਂਦੇ ਹੀ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਨੇ ਦੁਬਾਰਾ ਨਾਜਾਇਜ਼ ਵਸੂਲੀ ਸ਼ੁਰੂ ਕਰ ਦਿੱਤੀ। ਉਥੇ ਪਾਰਕਿੰਗ ਦੇ ਰੇਟਾਂ ਦਾ ਬੋਰਡ ਨਹੀਂ ਲਗਾਇਆ ਹੋਇਆ ਸੀ, ਜਿਸ ਨੂੰ ਵਿਧਾਇਕ ਗੋਗੀ ਨੇ ਲਗਵਾਇਆ ਸੀ। ਜਦੋਂ ਵਿਧਾਇਕ ਗੋਗੀ ਉਥੋਂ ਗਏ ਤਾਂ ਹੀ ਠੇਕੇਦਾਰ ਦੇ ਕਰਿੰਦਿਆਂ ਨੇ ਦੁਬਾਰਾ ਬੋਰਡ ਉਤਾਰ ਦਿੱਤਾ ਤੇ ਪਹਿਲਾਂ ਵਾਂਗ ਵਸੂਲੀ ਸ਼ੁਰੂ ਕਰ ਦਿੱਤੀ।