ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਸਤੰਬਰ
ਹਰ ਮਹੀਨੇ ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਸਥਾਨਕ ਪੁਰਾਣੀ ਦਾਣਾ ਮੰਡੀ ਦੇ ਵਪਾਰੀਆਂ ਨੂੰ ਅੱਜ ਗੰਦਗੀ ਤੋਂ ਕਈ ਸਾਲਾਂ ਬਾਅਦ ਛੁਟਕਾਰਾ ਮਿਲਿਆ ਹੈ। ਮੰਡੀ ’ਚ ਇੱਕ ਥਾਂ ’ਤੇ ਵੀਹ ਵਰ੍ਹੇ ਤੋਂ ਲੱਗਿਆ ਕੂੜੇ ਦਾ ਢੇਰ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਚੁਕਵਾ ਦਿੱਤਾ ਹੈ। ਇਸ ਤੋਂ ਇਲਾਵਾ ਵੀ ਮੰਡ ਵਿੱਚ ਸਫਾਈ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਸਾਲਾਂ ਪੁਰਾਣੀ ਇਸ ਸਮੱਸਿਆ ਦੇ ਹੱਲ ਲਈ ਮੰਡੀ ਵਿਚਲੇ ਵਪਾਰੀਆਂ ਨੇ ਵਿਧਾਇਕਾ ਮਾਣੂੰਕੇ ਤੱਕ ਪਹੁੰਚ ਕੀਤੀ ਸੀ ਅਤੇ ਵਿਧਾਇਕਾ ਨੇ ਅੱਜ ਮੌਕੇ ’ਤੇ ਅਧਿਕਾਰੀ ਸੱਦ ਕੇ ਸਫਾਈ ਕਰਵਾਈ। ਮੰਡੀ ’ਚ ਕੰਮ ਕਰਦੇ ਪੰਕਜ ਗੋਇਲ, ਸੰਦੀਪ ਗੋਇਲ ਤੇ ਹੋਰਨਾਂ ਨੇ ਦੱਸਿਆ ਕਿ ਪੁਰਾਣੀ ਦਾਣਾ ਮੰਡੀ ’ਚ ਪਿਛਲੇ ਦੋ ਦਹਾਕੇ ਤੋਂ ਕੂੜੇ ਦਾ ਢੇਰ ਲੱਗਾ ਹੋਇਆ ਸੀ, ਜਿਸ ਕਾਰਨ ਪੁਰਾਣੀ ਦਾਣਾ ਮੰਡੀ ਦੇ ਲੋਕ ਕੂੜੇ ਦੀ ਸੜਾਂਦ ਕਾਰਨ ਪ੍ਰੇਸ਼ਾਨ ਸਨ। ਉਨ੍ਹਾਂ ਮੰਡੀ ਦੇ ਹੋਰਨਾਂ ਵਪਾਰੀਆਂ ਨਾਲ ਮਿਲ ਕੇ ਇਹ ਮਾਮਲਾ ਵਿਧਾਇਕਾ ਦੇ ਧਿਆਨ ’ਚ ਲਿਆਂਦਾ, ਜਿਨ੍ਹਾਂ ਅੱਜ ਮੌਕੇ ’ਤੇ ਪਹੁੰਚ ਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨੋਹਰ ਸਿੰਘ ਨੂੰ ਬੁਲਾਇਆ, ਜਿਨ੍ਹਾਂ ਟਰਾਲੀਆਂ ਤੇ ਸਫਾਈ ਕਰਮਚਾਰੀਆਂ ਨੂੰ ਬੁਲਾ ਕੇ ਗੰਦਗੀ ਦੇ ਢੇਰ ਚੁਕਵਾ ਦਿੱਤੇ।
ਕੂੜੇ ਦਾ ਡੰਪ ਚੁਕਵਾਉਣ ਲਈ 70 ਲੱਖ ਰੁਪਏ ਮਨਜ਼ੂਰ ਕਰਵਾਉਣ ਦਾ ਦਾਅਵਾ
ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਸ਼ਹਿਰ ’ਚੋਂ ਗੰਦਗੀ ਕੱਢਣ ਅਤੇ ਕੂੜੇ ਦੇ ਡੰਪ ਖ਼ਤਮ ਕਰਨ ਲਈ ਪੰਜਾਬ ਸਰਕਾਰ ਕੋਲੋਂ ਲਗਪਗ 70 ਲੱਖ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਬਹੁਤ ਜਲਦੀ ਹੀ ਸ਼ਹਿਰ ’ਚੋਂ ਕੂੜੇ ਦੇ ਡੰਪ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਜਾਣਗੇ।