ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜਨਵਰੀ
ਲੁਧਿਆਣਾ ਵਿੱਚ ਵਿਧਾਨਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੈ ਤਲਵਾੜ ਵੱਲੋਂ ਹਲਕੇ ਵਿੱਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਉਦੇਸ਼ ਨਾਲ ਅੱਜ ਵਾਰਡ ਨੰਬਰ-18 ਵਿੱਚ ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੇ ਪਿੱਛੇ ਗਲਾਡਾ ਦੀ ਲੱਗਪਗ 3 ਏਕੜ ਜ਼ਮੀਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਉਸਾਰੀ ਲਈ ਭੂਮੀ ਪੂਜਨ ਕਰਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਸੰਜੈ ਤਲਵਾੜ ਨੇ ਦੱਸਿਆ ਕਿ ਗਲਾਡਾ ਦੀ ਜ਼ਮੀਨ ’ਤੇ 13 ਕਰੋੜ ਰੁਪਏ ਖਰਚ ਕਰਕੇ ਬੱਚਿਆਂ ਲਈ ਸਰਕਾਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਕੂਲ ਨੂੰ ਗਲਾਡਾ ਦੀ ਜ਼ਮੀਨ ਅਤੇ ਗਲਾਡਾ ਵੱਲੋਂ ਹੀ ਬਨਾਉਣ ਦੀ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਨੀਂਹ ਪੱਥਰ ਰੱਖਣ ਦੀ ਰਸਮ ਪੰਡਿਤ ਅਜੀਤ ਕ੍ਰਿਸ਼ਨ, ਭਾਈ ਪ੍ਰੀਤਮ ਸਿੰਘ ਖਾਲਸਾ, ਮੋਲਵੀ ਕਾਰੀ ਮੁਹੰਮਦ ਅਰਸ਼ਦ, ਫਾਦਰ ਲਿਟੋ ਅਤੇ ਸਕੂਲ ਦੇ ਬੱਚਿਆਂ ਵੱਲੋ ਕਰਵਾਈ ਗਈ ਅਤੇ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਧਰਮਾਂ ਨਾਲ ਸਬੰਧਤ ਸਰਬ ਧਰਮ ਪ੍ਰਾਥਨਾ ਕੀਤੀ ਗਈ।
ਵਿਧਾਇਕ ਤਲਵਾੜ ਨੇ ਦੱਸਿਆ ਕਿ ਇਹ ਸਕੂਲ ਪੰਜਾਬ ਦਾ ਪਹਿਲਾ ਸਰਕਾਰੀ ਸਮਾਰਟ ਸਕੂਲ ਹੋਵੇਗਾ, ਜਿਸ ਵਿੱਚ ਬੱਚਿਆਂ ਲਈ ਪਲੇਅ ਗਰਾਂਊਡ, ਸੋਲਰ ਸਿਸਟਮ, ਹਰ ਕਲਾਸ ਰੂਮ ਵਿੱਚ ਪ੍ਰਾਜੈਕਟਰ, ਵਾਈ ਫਾਈ, ਛੋਟੇ ਤੇ ਵੱਡੇ ਬੱਚਿਆਂ ਲਈ ਵੱਖਰੇ ਸਵਿਮਿੰਗ ਪੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਆਉਂਦੇ 6 ਮਹੀਨਿਆਂ ਵਿੱਚ ਘੱਟੋ-ਘੱਟ 10 ਹੋਰ ਅਜਿਹੇ ਸਕੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲ ਵਾਰਡ ਨੰਬਰ 5, 6, 13, 14, 15, 17 ਅਤੇ 18 ਵਿੱਚ ਵੀ ਬਣਾਏ ਜਾ ਰਹੇ ਹਨ। ਵਾਰਡ ਨੰਬਰ 13 ਤੇ 15 ਵਿੱਚ ਬਣਨ ਵਾਲੇ ਸਰਕਾਰੀ ਸਮਾਰਟ ਸਕੂਲਾਂ ਦਾ ਕੰਮ 3 ਮਹੀਨੇ ਦੇ ਅੰਦਰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹਲਕਾ ਪੂਰਬੀ ਵਿੱਚ ਉਸਾਰੀ ਅਧੀਨ ਸਰਕਾਰੀ ਕਾਲਜ ਦਾ ਕੰਮ ਵੀ ਵਿਸਾਖੀ ਤੱਕ ਮੁਕੰਮਲ ਹੋ ਜਾਵੇਗਾ, ਤਾਂ ਜੋ ਨਵੇਂ ਸੈਸ਼ਨ ਦੀ ਪੜ੍ਹਾਈ ਬੱਚੇ ਇਸ ਨਵੇਂ ਸਰਕਾਰੀ ਕਾਲਜ ਵਿੱਚ ਕਰ ਸਕਣ। ਇਸ ਮੌਕੇ ਕੌਸਲਰ ਵਨੀਤ ਭਾਟੀਆ, ਮੁੱਖ ਪ੍ਰਸ਼ਾਸ਼ਕ ਗਲਾਡਾ ਪ੍ਰਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਕੁਲਦੀਪ ਸਿੰਘ, ਆਸ਼ਾ ਰਾਣੀ ਬੀ.ਪੀ.ਈ.ਓ., ਪ੍ਰਿੰੰਸੀਪਲ ਕਿਰਨਜੀਤ ਕੌਰ, ਰਾਜੇਸ਼ ਕੁਮਾਰ, ਜਤਿੰਦਰ ਕੌਰ, ਮੋਹਿੰਦਰ ਕੌਰ, ਸੁਖਧੀਰ ਸਿੰਘ, ਜਸਵਿੰਦਰ ਸਿੰਘ, ਜਨਮਦੀਪ ਕੌਰ, ਜਿੰਦਰਪਾਲ ਕੌਰ, ਸੁਨੰਦਾ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਨਵਜੋਤ ਸਿੰਘ, ਤਰੁਨ ਅਗਰਵਾਲ, ਅਤੇ ਕੰਵਲਜੀਤ ਸਿੰਘ ਬੋਬੀ ਵੀ ਹਾਜ਼ਰ ਸਨ।