ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਹਥਿਆਰ ਦਿਖਾ ਰਾਹਗੀਰਾਂ ਤੋਂ ਲੁੱਟ ਖੋਹ ਕਰਕੇ ਫ਼ਰਾਰ ਹੋ ਰਹੇ 2 ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਨੂੰ ਇਲਾਕਾ ਵਾਸੀਆਂ ਨੇ ਕਾਬੂ ਕਰ ਲਿਆ, ਜਦੋਂ ਕਿ ਇੱਕ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ’ਤੇ ਭੀੜ ਨੇ ਇਨ੍ਹਾਂ ਗੁੱਸਾ ਕੱਢਿਆ ਕਿ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਆਉਣ ਤੋਂ ਪਹਿਲਾਂ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕਰ ਕੇ ਤਸੱਲੀ ਕਰ ਦਿੱਤੀ ਸੀ। ਪੀੜਤਾ ਨੂੰ ਥਾਣਾ ਟਿੱਬਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲੱਗੇ। ਲੋਕਾਂ ਦਾ ਦੋਸ਼ ਸੀ ਕਿ ਪੁਲੀਸ ਨੇ ਕਿਹਾ ਕਿ ਉਹ ਮੁਲਜ਼ਮ ਨੂੰ ਛੱਡ ਕੇ ਥਾਣੇ ਆ ਜਾਣ, ਉਹ ਉਨ੍ਹਾਂ ਦਾ ਸਮਝੌਤਾ ਕਰਵਾ ਦੇਣਗੇ। ਇਸ ਤੋਂ ਇਲਾਵਾ ਲੋਕਾਂ ਦਾ ਦੋਸ਼ ਹੈ ਕਿ ਇਨ੍ਹਾਂ ਲੁਟੇਰਿਆਂ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਨੌਜਵਾਨ ਨੂੰ ਵੀ ਲੁੱਟਿਆ ਸੀ।
ਸੋਨੂੰ ਵੋਹਰਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਾਹਮਣੇ ਪੁਲ ਦੇ ਦੂਜੇ ਪਾਸੇ ਉਸ ਦੀ ਹੌਜ਼ਰੀ ਦੀ ਦੁਕਾਨ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖਮੀ ਹੋਇਆ ਨੌਜਵਾਨ ਦਾਨਿਸ਼ ਹੈ, ਜੋ ਕਿ ਉਨ੍ਹਾਂ ਦੀ ਹੌਜ਼ਰੀ ’ਚ ਕੰਮ ਕਰਦਾ ਹੈ। ਮਹਾਂਸ਼ਿਵਰਾਤਰੀ ਦਾ ਤਿਉਹਾਰ ਹੋਣ ਕਾਰਨ ਉਹ ਫੈਕਟਰੀ ’ਚ ਲੇਟ ਆਇਆ ਸੀ। ਦੁਪਹਿਰ ਕਰੀਬ 12 ਵਜੇ ਉਹ ਹੋਜ਼ਰੀ ਪੁੱਜਿਆ ਤਾਂ ਇਸ ਤੋਂ ਬਾਅਦ ਉਹ ਹੌਜ਼ਰੀ ਤੋਂ ਕੁਝ ਦੂਰ ਚਾਹ ਦੇ ਖੋਖੇ ’ਤੇ ਚਾਹ ਪੀਣ ਚਲਾ ਗਿਆ। ਜਿੱਥੇ ਮੋਟਰਸਾਈਕਲ ਸਵਾਰ ਨੌਜਵਾਨ ਉਸ ਕੋਲ ਆ ਕੇ ਰੁਕ ਗਿਆ। ਜਦੋਂ ਕਿ ਦੂਸਰਾ ਨੌਜਵਾਨ ਪੈਦਲ ਆ ਰਿਹਾ ਸੀ। ਉਸ ਨੇ ਆ ਕੇ ਦਾਨਿਸ਼ ਤੋਂ ਮੋਬਾਈਲ ਮੰਗਿਆ ਕਿ ਉਸ ਨੇ ਕਿਸੇ ਨੂੰ ਫੋਨ ਕਰਨਾ ਹੈ। ਦਾਨਿਸ਼ ਨੇ ਫੋਨ ਕਰਨ ਲਈ ਉਸ ਨੂੰ ਮੋਬਾਈਲ ਦਿੱਤਾ ਤਾਂ ਦੂਜਾ ਨੌਜਵਾਨ ਮੋਬਾਈਲ ਫੋਨ ਖੋਹ ਕੇ ਭੱਜਣ ਲੱਗਿਆ, ਜਿਸ ਨੂੰ ਦਾਨਿਸ਼ ਨੇ ਕਾਬੂ ਕਰ ਲਿਆ। ਇਸ ’ਤੇ ਮੁਲਜ਼ਮ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਆਸਪਾਸ ਦੇ ਲੋਕ ਇਸ ਘਟਨਾ ਨੂੰ ਦੇਖ ਰਹੇ ਸਨ। ਫਿਰ ਉਨ੍ਹਾਂ ਨੇ ਪਿੱਛਾ ਕਰਕੇ ਭੱਜ ਰਹੇ ਨੌਜਵਾਨ ਨੂੰ ਕਾਬੂ ਕਰ ਲਿਆ, ਪਰ ਉਸ ਦਾ ਮੋਟਰਸਾਈਕਲ ’ਤੇ ਬੈਠਾ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਫੜ ਹੋਏ ਮੁਲਜ਼ਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰੋਜ਼ਾਨਾ ਹੋ ਰਹੀਆਂ ਖੋਹਾਂ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਸਨ, ਇਸ ਲਈ ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਲੋਕਾਂ ਨੂੰ ਮੁਲਜ਼ਮ ਤੋਂ ਇੱਕ ਤੇਜ਼ਧਾਰ ਹਥਿਆਰ ਵੀ ਮਿਲਿਆ ਹੈ।
ਸਕਰੈਪ ਦਾ ਟਰੱਕ ਚੋਰੀ ਕਰਨ ਵਾਲਾ ਪ੍ਰਾਪਰਟੀ ਡੀਲਰ, 2 ਸਾਥੀਆਂ ਸਣੇ ਕਾਬੂ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਚਾਰ ਦਿਨ ਪਹਿਲਾਂ ਹੰਬੜਾ ਰੋਡ ਸਥਿਤ ਦੁਕਾਨ ਦੇ ਬਾਹਰੋਂ ਸਕਰੈਪ ਨਾਲ ਭਰਿਆ ਟਰੱਕ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਥਾਣਾ ਪੀਏਯੂ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇੱਕ ਪ੍ਰਾਪਰਟੀ ਡੀਲਰ ਤੇ ਦੂਸਰਾ ਡਰਾਈਵਰ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗੁਪਤਾ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲੀਸ ਨੇ ਚੋਰੀ ਦਾ ਟਰੱਕ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਕਾਰ ਬਰਾਮਦ ਕਰ ਲਈ ਹੈ। ਪੁਲੀਸ ਨੇ ਇਸ ਮਾਮਲੇ ’ਚ ਮੁਲਜ਼ਮਾਂ ਦੀ ਪਛਾਣ ਦੁੱਗਰੀ ਵਾਸੀ ਪਵਨੀਤ ਸਿੰਘ ਉਰਫ਼ ਸ਼ਾਲੂ ਤੇ ਮਿੱਢਾ ਚੌਕ ਲਾਜਪਤ ਨਗਰ ਵਾਸੀ ਗਗਨਦੀਪ ਸਿੰਘ ਉਰਫ਼ ਗੁਰੂ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੋਗਿੰਦਰ ਕੁਮਾਰ ਦਾ ਸਕਰੈਪ ਦਾ ਕੰਮ ਹੈ ਤੇ ਉਸ ਨੇ 25 ਤਾਰੀਖ਼ ਨੂੰ ਸਕਰੈਪ ਨਾਲ ਭਰਿਆ ਟਰੱਕ ਖੜ੍ਹਾ ਕੀਤਾ ਸੀ। ਹੰਬੜਾ ਰੋਡ ਇੱਕ ਦੁਕਾਨ ਦੇ ਬਾਹਰ ਉਹ ਟਰੱਕ ਖੜ੍ਹਾ ਸੀ, ਜੋ ਕਿ ਮੁਲਜ਼ਮਾਂ ਨੇ ਚੋਰੀ ਕਰ ਲਿਆ ਸੀ। ਜੋਗਿੰਦਰ ਨੇ ਆਪਣੇ ਤੌਰ ’ਤੇ ਜਾਂਚ ਕੀਤੀ, ਪਰ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਜਾਂਚ ਦੌਰਾਨ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਸ਼ਾਲੂ ਦਾ ਪ੍ਰਾਪਰਟੀ ਦਾ ਕੰਮ ਕਰਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕੰਮ ਧੰਦਾ ਘੱਟ ਸੀ ਤਾਂ ਉਹ ਆਪਣੇ ਸਾਥੀ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਜਲਦੀ ਪੈਸੇ ਕਮਾਉਣ ਦੇ ਚੱਕਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਕ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਇਸ ਘਟਨਾ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ।