ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਫਰਵਰੀ
ਇੱਥੇ ਅੱਜ ਨਗਰ ਨਿਗਮ ਵੱਲੋਂ ਗੈਰਹਾਜ਼ਰ ਕੀਤੇ ਆਪਣੇ ਪੁੱਤਰ ਦੀ ਬਹਾਲੀ ਨੂੰ ਉਡੀਕਦੀ ਹੋਈ ਮਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਕਾਰਨ ਮਿਊਂਸਪਲ ਕਰਮਚਾਰੀ ਦਲ ਦੇ ਆਗੂਆਂ ਨੇ ਦਫ਼ਤਰ ਵਿੱਚ ਲਾਸ਼ ਰੱਖ ਕੇ ਨਿਗਮ ਅਫ਼ਸਰਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਿਗਮ ਕਮਿਸ਼ਨਰ ਨੇ ਦਲ ਦੇ ਪ੍ਰਧਾਨ ਚੌਧਰੀ ਯਸ਼ਪਾਲ ਸਣੇ ਹੋਰ ਲੋਕਾਂ ਨੂੰ ਗੱਲਬਾਤ ਲਈ ਬੁਲਾਇਆ। ਉਨ੍ਹਾਂ ਨੇ ਪੂਰਾ ਮਾਮਲੇ ਸੁਣਨ ਤੋਂ ਬਾਅਦ ਇਸ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਕਿਤੇ ਜਾ ਕੇ ਉਥੋਂ ਲਾਸ਼ ਨੂੰ ਹਟਾਇਆ ਗਿਆ। ਮਿਊਂਸਪਲ ਕਰਮਚਾਰੀ ਦਲ ਪ੍ਰਧਾਨ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਸੂਰਜ ਕੁਮਾਰ ਨਿਗਮ ’ਚ ਬਤੌਰ ਪੱਕਾ ਸਫ਼ਾਈ ਸੇਵਕ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਹੈ। ਕਰੀਬ 9 ਮਹੀਨੇ ਪਹਿਲਾਂ ਉਹ ਕਿਸੇ ਔਰਤ ਦੇ ਨਾਲ ਪ੍ਰੇਮ ਸਬੰਧ ਦੇ ਚੱਲਦੇ ਫ਼ਰਾਰ ਹੋ ਗਿਆ ਸੀ। ਉਹ ਔਰਤ ਤਿੰਨ ਮਹੀਨੇ ਉਸ ਦੇ ਨਾਲ ਰਹੀ ਤੇ ਉਸ ਤੋਂ ਬਾਅਦ ਵਾਪਸ ਘਰ ਚਲੀ ਗਈ। ਇਸ ਮਾਮਲੇ ’ਚ ਸੂਰਜ ਦੇ ਖਿਲਾਫ਼ ਕੋਈ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਉਸ ਨੂੰ ਥਾਣੇ ਲਿਜਾਇਆ ਗਿਆ। ਔਰਤ ਨੇ ਆਪਣੇ ਬਿਆਨਾਂ ਵਿਚ ਇਹ ਲਿਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਸੂਰਜ ਨਾਲ ਗਈ ਸੀ ਤੇ ਆਪਣੇ ਘਰ ਹੁਣ ਮਰਜ਼ੀ ਨਾਲ ਵਾਪਸ ਆ ਗਈ ਹੈ। ਇਸ ਦੌਰਾਨ ਨਿਗਮ ਨੇ ਸੂਰਜ ਨੂੰ ਗੈਰਹਾਜ਼ਰ ਕਰ ਦਿੱਤਾ। ਉਸ ਨੇ ਬਹਾਲੀ ਲਈ ਕਈ ਵਾਰ ਅਰਜ਼ੀ ਦਿੱਤੀ, ਪਰ ਨਿਗਮ ਦੇ ਕੁਝ ਮੁਲਾਜ਼ਮ ਉਸ ਨੂੰ ਬਹਾਲ ਨਹੀਂ ਕਰ ਰਹੇ ਸਨ। ਹੁਣ ਉਸ ਨੂੰ ਧਮਕਾਇਆ ਜਾ ਰਿਹਾ ਸੀ ਕਿ ਉਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਗੈਰਹਾਜ਼ਰ ਰੱਖੇ ਜਾਣ ਕਾਰਨ ਸੂਰਜ ਦੀ ਤਨਖਾਹ ਵੀ ਬੰਦ ਹੋ ਗਈ ਸੀ। ਉਸ ਦੀ ਮਾਂ ਬਬਲੀ ਵੀ ਇਸ ਗੱਲ ਤੋਂ ਪ੍ਰੇਸ਼ਾਨ ਸੀ। ਸੋਮਵਾਰ ਸ਼ਾਮ ਨੂੰ ਕਿਸੇ ਨੇ ਬਬਲੀ ਨੂੰ ਦੱਸਿਆ ਕਿ ਉਸ ਦੇ ਲੜਕੇ ਨੂੰ ਮੁਅੱਤਲ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸੇ ਗੱਲ ਤੋਂ ਦੁਖੀ ਬਬਲੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਨਗਰ ਨਿਗਮ ਲੁਧਿਆਣਾ ਜ਼ੋਨ ਡੀ ਦੇ ਬਾਹਰ ਮੰਗਲਵਾਰ ਦੀ ਸਵੇਰੇ ਮਿਊਂਸਪਲ ਕਰਮਚਾਰੀ ਦਲ ਦੀ ਅਗਵਾਈ ’ਚ ਔਰਤ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਤੋਂ ਮੰਗ ਰੱਖੀ ਗਈ ਕਿ ਸੂਰਜ ਨੂੰ ਬਹਾਲ ਨਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਉਸ ਨੂੰ ਬਹਾਲ ਕੀਤਾ ਜਾਵੇ। ਨਿਗਮ ਕਮਿਸ਼ਨਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ। ਇਸ ਲਈ ਹੁਣ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।