ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 30 ਅਗਸਤ
ਸਥਾਨਕ ਪੁਰਾਣੀ ਗਊਸ਼ਾਲਾ ਨੇੜੇ ਬਜ਼ੁਰਗ ਵਿਧਵਾ ਦੇ ਘਰ ’ਤੇ ਉਸ ਦੇ ਪੁੱਤ ਨੇ ਹੀ ਕਬਜ਼ਾ ਕਰ ਕੇ ਉਸ ਨੂੰ ਬਾਹਰ ਕੱਢ ਦਿੱਤਾ ਸੀ। ਇਸ ’ਤੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਪੀੜਤ ਮਾਤਾ ਨੂੰ ਬਣਦਾ ਹੱਕ ਦਿਵਾਇਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਵਿਧਵਾ ਮਾਤਾ ਪਠਾਣੀ ਦੇਵੀ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ। ਉਸ ਕੋਲ ਜੋ ਵੀ ਜਾਇਦਾਦ ਸੀ ਉਸ ਦੇ 4 ਹਿੱਸੇ ਕਰ ਕੇ ਤਿੰਨਾਂ ਪੁੱਤਰਾਂ ਤੇ ਇੱਕ ਹਿੱਸਾ ਆਪ ਰੱਖ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣਾ ਮਕਾਨ ਆਪਣੇ ਕਬਜ਼ੇ ’ਚ ਰੱਖਿਆ ਸੀ ਪਰ ਉਸ ਦੇ ਪੁੱਤ ਨੇ ਘਰ ਨੂੰ ਜਿੰਦਰਾ ਲਾ ਦਿੱਤਾ ਜਿਸ ਕਾਰਨ ਉਹ ਬੇਘਰ ਹੋ ਗਈ। ਮਾਤਾ ਦੇ ਇੱਕ ਪੁੱਤਰ ਤੇ ਨੂੰਹ ਨੇ ਮਕਾਨ ’ਤੇ ਕਬਜ਼ਾ ਕਰ ਕੇ ਉਸ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਸਬੰਧੀ ਉਸ ਨੇ ਮਾਛੀਵਾੜਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ, ਮਕਾਨ ’ਤੇ ਕਬਜ਼ਾ ਕਰਨ ਵਾਲੀ ਨੂੰਹ ਨੇ ਦੱਸਿਆ ਕਿ ਬਾਕੀ ਪੁੱਤਰਾਂ ਨੂੰ ਮਾਤਾ ਨੇ ਪੱਕੇ ਮਕਾਨ ਦੇ ਦਿੱਤੇ ਜਦੋਂਕਿ ਉਨ੍ਹਾਂ ਨੂੰ ਸਭ ਤੋਂ ਮਾੜਾ ਮਕਾਨ ਦਿੱਤਾ ਅਤੇ ਉਸ ਦੇ ਕੁਝ ਸੋਨੇ ਦੇ ਗਹਿਣੇ ਵੀ ਮਾਤਾ ਕੋਲ ਹਨ ਜਿਸ ਕਾਰਨ ਇਹ ਸਾਰਾ ਕਲੇਸ਼ ਸ਼ੁਰੂ ਹੋਇਆ।
ਅਖੀਰ ਜਦੋਂ ਮਾਂ ਪੁੱਤਰ ਦਾ ਇਹ ਕਲੇਸ਼ ਮਾਛੀਵਾੜਾ ਪੁਲੀਸ ਥਾਣੇ ਪੁੱਜਾ ਤਾਂ ਰਾਓ ਵਰਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਖ਼ੁਦ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਬਜ਼ੁਰਗ ਮਾਤਾ ਨੂੰ ਉਸ ਦਾ ਹੱਕ ਦਿਵਾਉਂਦਿਆਂ ਘਰ ਦੇ ਜਿੰਦਰੇ ਦੀ ਚਾਬੀ ਪੁੱਤ ਤੋਂ ਲੈ ਕੇ ਮਾਤਾ ਨੂੰ ਸੌਂਪ ਦਿੱਤੀ। ਇਸ ਮੌਕੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਤਾ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਦੋਵਾਂ ਧਿਰਾਂ ’ਚ ਸਮਝੌਤਾ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।