ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਗਸਤ
ਸਨਅਤੀ ਸ਼ਹਿਰ ਦੇ ਫੁਵਾਰਾ ਚੌਕ ਵਿੱਚ ਬੀਤੀ ਰਾਤ ਡਿਊਟੀ ਦੇ ਰਹੇ ਟਰੈਫਿਕ ਪੁਲੀਸ ਦੇ ਕਾਂਸਟੇਬਲ ਤੇ ਇੱਕ ਮੋਟਰਸਾਈਕਲ ਸਵਾਰ ਵਿਚਾਲੇ ਝਗੜਾ ਹੋ ਗਿਆ। ਬਹਿਸ ਤੋਂ ਸ਼ੁਰੂ ਹੋਇਆ ਝਗੜਾ ਹੱਥੋਪਾਈ ਵਿੱਚ ਤਬਦੀਲ ਹੋ ਗਿਆ ਤੇ ਨੌਜਵਾਨ ਨੇ ਹੈਲਮੇਟ ਮਾਰ ਕੇ ਟਰੈਫਿਕ ਪੁਲੀਸ ਮੁਲਾਜ਼ਮ ਦਾ ਸਿਰ ਪਾੜ ਦਿੱਤਾ। ਫੱਟੜ ਹੋਏ ਕਾਂਸਟੇਬਲ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਦਕਿ ਨੌਜਵਾਨ ਨੂੰ ਲੋਕਾਂ ਨੇ ਮੌਕੇ ’ਤੇ ਹੋਰਾਂ ਪੁਲੀਸ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕੀਤਾ ਤੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸੇ ਪੁਲੀਸ ਮੁਲਾਜ਼ਮ ਨੂੰ 15 ਅਗਸਤ ਵਾਲੇ ਦਿਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਫੁਆਰਾ ਚੌਕ ’ਚ ਟਰੈਫਿਕ ਪੁਲੀਸ ਦੇ ਕਾਂਸਟੇਬਲ ਜਸਬੀਰ ਸਿੰਘ ਵੱਲੋਂ ਟਰੈਫਿਕ ਰੋਕਣ ਦੇ ਬਾਵਜੂਦ ਇਕ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਉਥੋਂ ਲਿਜਾਣ ਦੀ ਕੋਸ਼ਿਸ਼ ਕੀਤੀ। ਤੈਸ਼ ’ਚ ਆਇਆ ਨੌਜਵਾਨ ਮੁਲਾਜ਼ਮ ਨਾਲ ਬਹਿਸਬਾਜ਼ੀ ਕਰਨ ਲੱਗਿਆ। ਐੱਸ.ਐੱਚ.ਓ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਤਰੂਣ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।