ਗਗਨਦੀਪ ਅਰੋੜਾ
ਲੁਧਿਆਣਾ, 29 ਅਪਰੈਲ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਤਾਇਨਾਤ ਏਐੱਸਆਈ ਸੇਵਾ ਸਿੰਘ ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਸਵੇਰੇ ਕਰੀਬ ਸਾਢੇ 9 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣਦਿਆਂ ਹੀ ਪਰਿਵਾਰ ਵਾਲੇ ਸੇਵਾ ਸਿੰਘ ਦੇ ਕਮਰੇ ਵਿੱਚ ਗਏ, ਜਿੱਥੇ ਉਹ ਖੂਨ ਨਾਲ ਲਥਪਥ ਡਿੱਗਿਆ ਪਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ’ਤੇ ਥਾਣਾ ਸ਼ਿਮਲਾਪੁਰੀ ਤੇ ਚੌਕੀ ਬਸੰਤ ਪਾਰਕ ਦੇ ਇੰਚਾਰਜ ਏਐੱਸਆਈ ਗੁਰਬਖਸ਼ੀਸ਼ ਸਿੰਘ ਘਟਨਾ ਸਥਾਨ ’ਤੇ ਪੁੱਜੇ ਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਜਾਂਚ ਅਧਿਕਾਰੀ ਏਐੱਸਆਈ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਸੇਵਾ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਦੋ ਦਿਨਾਂ ਤੋਂ ਉਹ ਛੁੱਟੀ ’ਤੇ ਚੱਲ ਰਿਹਾ ਸੀ ਤੇ ਅੱਜ ਉਸ ਨੇ ਡਿਊਟੀ ’ਤੇ ਜਾਣਾ ਸੀ। ਅੱਜ ਸਵੇਰੇ ਉਹ ਡਿਊਟੀ ’ਤੇ ਜਾਣ ਲਈ ਤਿਆਰ ਹੋਇਆ ਤੇ ਆਪਣੀ ਸਰਵਿਸ ਰਿਵਾਲਵਰ ਸਾਫ਼ ਕਰਨ ਲੱਗਿਆ। ਇਸੇ ਦੌਰਾਨ ਰਿਵਾਲਵਰ ’ਚੋਂ ਗੋਲੀ ਚੱਲ ਗਈ, ਜੋ ਉਸ ਦੇ ਸੀਨੇ ਵਿੱਚ ਜਾ ਲੱਗੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਵਾਲੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕਮਰੇ ’ਚ ਪੁੱਜੇ ਤੇ ਸੇਵਾ ਸਿੰੰਘ ਨੂੰ ਹਸਪਤਾਲ ਲੈ ਗਏ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਏਐੱਸਆਈ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।