ਪੱਤਰ ਪ੍ਰੇਰਕ
ਮਾਛੀਵਾੜਾ, 18 ਸਤੰਬਰ
ਮਾਛੀਵਾੜਾ ਪੁਲੀਸ ਵਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ ਦੀ ਕਤਲ ਕਰਨ ਤੋਂ ਬਾਅਦ ਖੇਤਾਂ ਵਿਚ ਦੱਬੀ ਲਾਸ਼ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰਵਾ ਲਈ ਗਈ ਹੈ। ਇਸ ਮਾਮਲੇ ’ਚ ਖੁਲਾਸਾ ਹੋਇਆ ਹੈ ਕਿ ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਪ੍ਰੇਮੀ ਨੇ ਆਪਣੇ ਸਾਂਢੂ ਦਾ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਅੱਜ ਸਮਰਾਲਾ ਦੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਉਰਫ਼ ਗੋਲਡੀ ਆਪਸ ਵਿਚ ਰਿਸ਼ਤੇ ’ਚ ਸਕੇ ਸਾਂਢੂ ਸਨ। ਪਿੰਡ ਭੱਟੀਆਂ ਦੇ ਵਾਸੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ, ਜਿਸਦੇ ਨਾਜਾਇਜ਼ ਸਬੰਧ ਆਪਣੀ ਸਾਲੀ ਨਾਲ ਬਣ ਗਏ। ਰਾਜੂ ਸਿੰਘ ਦੀ ਪਤਨੀ ਉਸਨੂੰ ਛੱਡ ਕੇ ਬੱਚਿਆਂ ਸਮੇਤ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਭੱਜ ਗਈ ਸੀ।