ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਇਥੇ ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਅੱਜ ਗੋਦ ਲਈਆਂ ਦੋ ਅਨਾਥ ਬੱਚੀਆਂ ਨੂੰ ਪੜ੍ਹਾਈ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਜ਼ਿੰਮਾ ਉਠਾਇਆ ਹੈ। ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਕਮੇਟੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿੱਚ ਪੜ੍ਹਦੀਆਂ ਦੋ ਵਿਦਿਆਰਥਣਾਂ ਸੁਹਾਨੀ ਬੇਗਮ (ਛੇਵੀਂ ਜਮਾਤ) ਅਤੇ ਸਿਮਰਨਜੋਤ ਕੌਰ (10ਵੀਂ ਜਮਾਤ) ਗੋਦ ਲਿਆ ਹੈ। ਨਵਚੇਤਨਾ ਦੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਅਤੇ ਕੈਪਟਨ ਵੀਕੇ ਸਿਆਲ ਨੇ ਇਨ੍ਹਾਂ ਬੱਚੀਆਂ ਨੂੰ ਵਜ਼ੀਫਾ, ਸਟੇਸ਼ਨਰੀ, ਵਰਦੀਆਂ ਦੇ ਕੇ ਉਨਾਂ ਦੀ ਪੜ੍ਹਾਈ ਅਤੇ ਡਾਕਟਰੀ ਸਹੂਲਤਾਂ ਦਾ ਜ਼ਿੰਮਾ ਚੁੱਕਿਆ ਹੈ। ਕਮੇਟੀ ਦੇ ਪ੍ਰਧਾਨ ਸ੍ਰੀ ਸੇਖੋਂ ਅਤੇ ਸਲਾਹਕਾਰ ਬਿਪਨ ਸ਼ਰਮਾ ਨੇ ਦੱਸਿਆ ਕਿ ਇਨਾ ਹੋਣਹਾਰ ਬੱਚੀਆਂ ਦੇ ਮਾਪੇ ਬਚਪਨ ਤੋਂ ਹੀ ਨਹੀਂ ਹਨ। ਸਿਮਰਨਜੋਤ ਆਪਣੀ ਦਾਦੀ ਕੋਲ ਰਹਿੰਦੀ ਹੈ ਜਦਕਿ ਸੁਹਾਨੀ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਲਈ ਮਜਬੂਰ ਹੈ। ਇਨਾਂ ਬੱਚੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਮਹੀਨਾਵਾਰ ਵਜੀਫੇ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
ਸਵਰਾਜ ਟਰੈਕਟਰਜ਼ ਦੀ ਟੀਮ ਨੇ ਵੀ ਕੀਤਾ ਉਪਰਾਲਾ
ਲੁਧਿਆਣਾ(ਖੇਤਰੀ ਪ੍ਰਤੀਨਿਧ): ਇਥੇ ਸਦਭਾਵਨਾ ਅਧੀਨ ਸਵਰਾਜ ਟਰੈਕਟਰਜ਼ ਦੀ ਸੀਐੱਸਆਰ ਟੀਮ ਨੇ ਫੈਸਲਾ ਕੀਤਾ ਹੈ ਕਿ ਉਹ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੀ ਬਾਰ੍ਹਵੀਂ ਜਮਾਤ ਦੀ ਨੇਹਾ ਵਰਮਾ ਦੇ ਵਿੱਦਿਅਕ ਅਧਿਐਨ ਦੇ ਲਈ ਖਰਚੇ ਉਹ ਸਹਿਣ ਕਰੇਗੀ। ਇਸ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅਧੀਨ ਪਿਛਲੇ ਸਾਲ 10 ਵੀਂ ਜਮਾਤ ਵਿੱਚੋਂ 99.54 ਫਾਸਦੀ ਅੰਕ (647/650) ਅੰਕ ਪ੍ਰਾਪਤ ਕਰਕੇ ਰਾਜ ਦਾ ਪਹਿਲ ਸਥਾਨ ਪ੍ਰਾਪਤ ਕੀਤਾ ਸੀ। ਇਸ ਵਿਦਿਆਰਥਣ ਦੇ ਪਿਤਾ ਟਰੱਕ ਡਰਾਈਵਰ ਹਨ ਅਤੇ ਪਰਿਵਾਰ ਕੋਲ ਵਾਧੂ ਕਲਾਸਾਂ ਦੀ ਫੀਸ ਦੇਣੀ ਵੀ ਮੁਸ਼ਕਲ ਸੀ। ਨੇਹਾ ਨੇ ਸਵਰਾਜ ਟਰੈਕਟਰਜ਼ ਦੀ ਸੀਐਸਆਰ ਟੀਮ ਦਾ ਮਦਦ ਲਈ ਧੰਨਵਾਦ ਕੀਤਾ ਹੈ।