ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਸਨਅਤੀ ਸ਼ਹਿਰ ’ਚ ਰਾਹੋਂ ਰੋਡ ’ਤੇ ਨੇਪਾਲੀ ਗਰੋਹ ਚੁਸਤ ਹੈ, ਇਸ ਗਰੋਹ ਦੇ ਤਿੰਨ ਤੋਂ ਪੰਜ ਮੈਂਬਰ ਦੱਸੇ ਜਾ ਰਹੇ ਹਨ, ਜੋ ਰਾਤ ਨੂੰ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਤਾਜ਼ਾ ਮਾਮਲਾ ਰਾਹੋਂ ਰੋਡ ’ਤੇ ਸੁਭਾਸ਼ ਨਗਰ ਇਲਾਕੇ ਦਾ ਹੈ, ਜਿੱਥੇ ਰਾਕ ਸਟਾਰ ਨਾਂ ਦੇ ਕੱਪੜਿਆਂ ਦੀ ਸ਼ੋਅਰੂਮ ਨੂੰ ਬੀਤੀ ਰਾਤ ਨੇਪਾਲੀ ਗਰੋਹ ਦੇ ਲੋਕਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਰਹਿੰਦਿਆਂ ਦੁਕਾਨ ਦੇ ਨਾਲ ਦਾ ਗੁਆਂਢੀ ਜਾਗ ਗਿਆ, ਜਿਸ ਨੇ ਰੌਲਾ ਪਾ ਦਿੱਤਾ ਜਿਸਨੂੰ ਸੁਣਕੇ ਦੁਕਾਨ ਦਾ ਸ਼ਟਰ ਪੁੱਟਣ ਆਏ ਨੌਜਵਾਨ ਭੱਜ ਗਏ।
ਵਾਰਦਾਤ ਰਾਤ ਢਾਈ ਵਜੇ ਦੇ ਕਰੀਬ ਦੀ ਹੈ। ਇਸ ਮਾਮਲੇ ਵਿੱਚ ਜਦੋਂ ਦੁਕਾਨਦਾਰ ਨੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਸਾਰੀ ਕਹਾਣੀ ਖੁੱਲ੍ਹੀ। ਇਸ ਗਰੋਹ ਨੇ ਚੋਰੀ ਕਰਨ ਤੋਂ ਪਹਿਲਾਂ ਇੱਥੇ ਰੇਕੀ ਕੀਤੀ ਸੀ ਤੇ ਫਿਰ ਦੁਕਾਨ ਦਾ ਸ਼ਟਰ ਤੋੜਨ ਲਈ ਆਏ ਸਨ।
ਸੀਸੀਟੀਵੀ ਵਿੱਚ ਸਾਹਮਣੇ ਆਇਆ ਕਿ ਦੁਕਾਨ ਦਾ ਸ਼ਟਰ ਤੋੜਨ ਲਈ ਤਿੰਨ ਨੌਜਵਾਨ ਆਏ। ਉਹ ਪਹਿਲਾਂ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ ਤੇ ਬਾਅਦ ਵਿੱਚ ਸ਼ਟਰ ਤੋੜਨ ਵਿੱਚ ਲੱਗ ਗਏ। ਇਸ ਗੱਲ ਦੀ ਭਿਣਕ ਗੁਆਂਢੀ ਨੂੰ ਲੱਗ ਗਈ, ਜਿਸਨੇ ਦੇਖਕੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਲੁਟੇਰੇ ਭੱਜ ਗਏ। ਉੱਧਰ, ਸੁਭਾਸ਼ ਨਗਰ ਚੌਕ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ, ਜਿਸਦੀ ਪੜਤਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।