ਗਗਨਦੀਪ ਅਰੋੜਾ
ਲੁਧਿਆਣਾ, 23 ਜੁਲਾਈ
ਲਾਡੋਵਾਲ ਪੁਲ ਦੇ ਥੱਲੇ ਰੇਲਵੇ ਲਾਈਨਾਂ ਦੇ ਕੋਲੋਂ ਲੰਘ ਰਹੇ ਬਜ਼ੁਰਗ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਟਿਆਂ ਨੇ ਲੁੱਟ ਦੀ ਨੀਯਤ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਬਜ਼ੁਰਗ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਦੇਖ ਕੇ ਇੱਕ ਮੁਲਜ਼ਮ ਦਾ ਫ਼ਰਾਰ ਹੋ ਗਿਆ, ਜਦੋਂ ਕਿ ਦੂਸਰੇ ਮੁਲਜ਼ਮ ਨੂੰ ਲੋਕਾਂ ਨੇ ਕਾਬੂ ਕਰ ਲਿਆ। ਜੀਆਰਪੀ ਦੇ ਕਰਮੀ ਮੌਕੇ ’ਤੇ ਪੁੱਜ ਗਏ। ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਫਿਲੌਰ ਦੇ ਪਿੰਡ ਬਿਲਗਾ ਵਾਸੀ ਮੋਹਨ ਲਾਲ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਜੀਆਰਪੀ ਦੇ ਐੱਸਐੱਚਓ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮੋਹਨ ਲਾਲ ਲਾਡੋਵਾਲ ਦੇ ਪਿੰਡ ਵਿੱਚੋਂ ਪੈਨਸ਼ਨ ਲੈਣ ਆਇਆ ਸੀ। ਉਹ ਰੇਲਵੇ ਲਾਈਨਾਂ ਦੇ ਕੋਲ ਪੈਦਲ ਹੀ ਜਾ ਰਿਹਾ ਸੀ, ਜਦੋਂ ਕਿ ਦੋਵੇਂ ਮੁਲਜ਼ਮ ਪੁਲ ਦੇ ਉਪਰੋਂ ਮੋਟਰਸਾਈਕਲ ’ਤੇ ਜਾ ਰਹੇ ਸਨ। ਦੋਹਾਂ ਨੇ ਬਜ਼ੁਰਗ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਮੋਬਾਈਲ ਖੋਹ ਲਿਆ। ਉਸ ਕੋਲੋਂ ਪੈਸੇ ਵੀ ਖੋਹ ਲਏ। ਬਜ਼ੁਰਗ ਦਾ ਰੌਲਾ ਸੁਣ ਕੇ ਜਦੋਂ ਲੋਕਾਂ ਦਾ ਇਕੱਠ ਹੋਇਆ ਤਾਂ ਇੱਕ ਮੁਲਜ਼ਮ ਤਾਂ ਮੋਬਾਈਲ ਅਤੇ ਪੈਸੇ ਲੈ ਕੇ ਫ਼ਰਾਰ ਹੋ ਗਿਆ, ਜਦੋਂ ਕਿ ਦੂਸਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਬਲਵੀਰ ਨੇ ਦੱਸਿਆ ਕਿ ਬਜ਼ੁਰਗ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ।
ਐਕਟਿਵਾ ਖੰਭੇ ਨਾਲ ਵੱਜੀ, ਨੌਜਵਾਨ ਦੀ ਮੌਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਦੇ ਕਾਕੋਵਾਲ ਰੋਡ ਤੋਂ ਫੈਕਟਰੀ ਵਿਚੋਂ ਛੁੱਟੀ ਹੋਣ ਬਾਅਦ ਘਰ ਰੋਟੀ ਖਾਣ ਜਾ ਰਹੇ ਇੱਕ ਨੌਜਵਾਨ ਦੀ ਐਕਟਿਵਾ ਖੰਭੇ ਵਿਚ ਜਾ ਵੱਜੀ। ਲੋਕਾਂ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਪੁਹੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਕਰਨ ਵਜੋਂ ਹੋਈ ਹੈ, ਜੋ ਕਿ ਕਾਕੋਵਾਲ ਰੋਡ ਦਾ ਹੀ ਰਹਿਣ ਵਾਲਾ ਹੈ। ਥਾਣਾ ਦਰੇਸੀ ਦੀ ਪੁਲੀਸ ਨੇ ਮੌਕੇ ’ਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਕਰਨ ਕਾਕੋਵਾਲ ਰੋਡ ’ਤੇ ਰਹਿੰਦਾ ਹੈ ਤੇ ਉਥੇ ਹੀ ਫੈਕਟਰੀ ਵਿਚ ਕੰਮ ਕਰਦਾ ਹੈ। ਅੱਜ ਸਵੇਰੇ ਜਦੋਂ ਉਹ ਕੰਮ ’ਤੇ ਆਇਆ ਅਤੇ ਦੁਪਹਿਰ ਵੇਲੇ ਆਪਣੇ ਘਰ ਰੋਟੀ ਖਾਣ ਲਈ ਗਿਆ। ਜਾਂਦੇ ਹੋਏ ਉਹ ਆਪਣੇ ਕਿਸੇ ਦੋਸਤ ਦੀ ਐਕਟਿਵਾ ਮੰਗ ਕੇ ਲੈ ਗਿਆ। ਰਸਤੇ ਵਿਚ ਐਕਟਿਵਾ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦਾ ਸਿਰ ਖੰਭੇ ਵਿਚ ਵੱਜਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਨੂੰ ਜਦੋਂ ਹਸਪਤਾਲ ਲੈ ਕੇ ਆਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਅਧੂਰੇ ਪੁਲ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ
ਸਮਰਾਲਾ (ਡੀਪੀਐੱਸ ਬੱਤਰਾ): ਨੀਲੋਂ ਵਿੱਚ ਸਰਹਿੰਦ ਨਹਿਰ ‘ਤੇ ਨਵੇਂ ਬਣ ਰਹੇ ਪੁਲ ਤੋਂ ਡਿੱਗ ਕੇ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਨੈਸ਼ਨਲ ਹਾਈਵੇਅ ਵੱਲੋਂ ਬਣਾਏ ਜਾ ਰਹੇ ਪੁਲ ਦੇ ਅਧੂਰੇ ਪਏ ਹੋਣ ਕਾਰਨ ਵਾਪਰਿਆ ਹੈ। ਮੋਟਰਸਾਈਕਲ ਸਵਾਰ ਹਨੇਰਾ ਹੋਣ ਕਰਕੇ ਭੁਲੇਖੇ ਨਾਲ ਇਸ ਨਵੇਂ ਪੁਲ ‘ਤੇ ਚੜ੍ਹ ਗਿਆ ਅਤੇ ਦੂਜੀ ਸਾਈਡ ਪੁਲ ਦਾ ਕੰਮ ਅਧੂਰਾ ਪਿਆ ਹੋਣ ਕਰਕੇ ਉਹ ਕਈ ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਜਰਨੈਲ ਸਿੰਘ ਨਿਵਾਸੀ ਪਿੰਡ ਅਮਰਗੜ੍ਹ (ਖਮਾਣੋਂ) ਰਾਤ ਵੇਲੇ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਨੀਲੋਂ ਪੁਲ ‘ਤੇ ਪੁੱਜਣ ਊੱਤੇ ਉਹ ਪੁਰਾਣੇ ਪੁਲ ਦੀ ਥਾਂ ਨਵੇਂ ਪੁਲ ਉੱਤੇ ਚੜ੍ਹ ਗਿਆ। ਇਹ ਪੁਲ ਇਕ ਪਾਸੇ ਤੋਂ ਤਾਂ ਬਣਿਆ ਹੋਇਆ ਸੀ, ਪਰ ਜਿਵੇ ਹੀ ਇਹ ਨੌਜਵਾਨ ਦੂਜੇ ਪਾਸੇ ਪੁੱਜਾ ਤਾਂ ਉੱਥੇ ਇਸ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਉਹ ਕਾਫੀ ਉੱਚਾਈ ਤੋਂ ਹੇਠਾ ਪੱਕੀ ਸੜਕ ਉੱਤੇ ਜਾ ਡਿੱਗਾ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।
ਸੜਕ ਹਾਦਸਿਆਂ ਵਿੱਚ ਦੋ ਜ਼ਖ਼ਮੀ
ਲੁਧਿਆਣਾ (ਗੁਰਿੰਦਰ ਸਿੰਘ): ਸ਼ਿਵਾਜੀ ਨਗਰ ਵਾਸੀ ਮਹਾਂਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਬਬਲੂ ਸ਼ਰਮਾ ਵਾਸੀ ਸ਼ਿਵਾ ਜੀ ਨਗਰ ਨਾਲ ਬਾਬਾ ਥਾਨ ਸਿੰਘ ਚੌਕ ਵੱਲ ਜਾ ਰਿਹਾ ਸੀ ਤਾਂ ਛੋਟੇ ਹਾਥੀ ਦੇ ਚਾਲਕ ਨੇ ਬਿਨਾਂ ਹਾਰਨ ਦਿੱਤੇ ਤੇਜ਼ ਰਫ਼ਤਾਰੀ ਨਾਲ ਉਸ ਦੇ ਭਤੀਜੇ ਨੂੰ ਲਪੇਟ ਵਿੱਚ ਲੈ ਲਿਆ। ਪੁਲੀਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਸ਼ਿਵ ਕੁਮਾਰ ਵਾਸੀ ਨਿਊ ਕੁੰਦਨਪੁਰੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਪਨ ਕਾਲੋਨੀ ਜਮਾਲਪੁਰ ਵਾਸੀ ਗੋਤਮ ਕੁਮਾਰ ਨੇ ਦੱਸਿਆ ਹੈ ਕਿ ਉਹ ਐਕਟਿਵਾ ’ਤੇ ਚੀਮਾ ਚੌਕ ਤੋਂ ਮੋਤੀ ਨਗਰ ਮਹਿੰਦਰਾ ਕਾਲੋਨੀ ਸਥਿਤ ਆਪਣੀ ਫੈਕਟਰੀ ਵੱਲ ਆ ਰਿਹਾ ਸੀ ਤਾਂ ਫੈਕਟਰੀ ਨੇੜੇ ਫੀਗੋ ਕਾਰ ਪੀਬੀ 10 ਐੱਫਡੀ 1279 ਨੇ ਉਸ ਵਿੱਚ ਟੱਕਰ ਮਾਰੀ। ਹਾਦਸੇ ਕਾਰਨ ਊਸ ਦੀ ਲੱਤ ਦੀ ਹੱਡੀ ਟੁੱਟ ਗਈ ਹੈ।