ਚਰਨਜੀਤ ਸਿੰਘ ਢਿੱਲੋਂ
ਜਗਰਾਉਂਂ, 13 ਜੁਲਾਈ
ਲੋਕਾਂ ਨੂੰ ਇਨਸਾਫ ਦਿਵਾਉਣ ਵਾਲਾ ਲੋਕ ਆਗੂ ਕਿਰਤੀ ਕਿਸਾਨ ਯੁਨੀਅਨ (ਪੰਜਾਬ) ਦਾ ਸਰਪ੍ਰਸਤ ਕਾਮਰੇਡ ਹਰਦੇਵ ਸੰਧੂ ਧੀ ਅਤੇ ਜਵਾਈ ਵੱਲੋਂ ਕੀਤੀ ਧੋਖਾਧੜੀ ਨੂੰ ਲੈ ਕੇ ਇਨਸਾਫ ਲੈਣ ਲਈ ਦਰ-ਦਰ ਭੜਕ ਰਿਹਾ ਹੈ। ਊਨ੍ਹਾਂ ਦੱਸਿਆ ਕਿ ਊਸ ਨੇ ਆਪਣੇ ਜਵਾਈ ਤਰਸੇਮ ਸਿੰਘ ਪਿੰਡ ਕੱਸੋਆਣਾ (ਜ਼ੀਰਾ) ਹਾਲ ਵਾਸੀ ਪਿੰਡ ਭੰਮੀਪੁਰਾ ਨਾਲ ਜਗਰਾਉਂ-ਹਠੂਰ ਸੜਕ ’ਤੇ ਸਾਂਝਾ ਪੈਟਰੌਲ ਪੰਪ ਕਰੀਬ 63 ਲੱਖ ਰੁਪਏ ਵਿੱਚ ਜਗਰਾਉਂ ਨਾਲ ਸਬੰਧਤ ਪਾਰਟੀ ਤੋਂ ਖਰੀਦਿਆ। ਊਸ ਨੇ ਪੰਪ ਖਰੀਦਣ ਲਈ ਪਹਿਲੀ ਕਿਸ਼ਤ ਮਾਣੂੰਕੇ ਬੈਂਕ ਤੋਂ 15 ਲੱਖ ਦੀ ਅਤੇ ਪਤਨੀ ਦੇ ਨਾਮ ’ਤੇ 6 ਲੱਖ ਦੀ ਨਵੀਂ ਲਿਮਟ ਬਣਾ ਕੇ 30 ਸਤੰਬਰ 2013 ਨੂੰ ਭਰੀ । ਫਿਰ ਪੰਪ ਚਲਾਉਣ ਲਈ ਆਪਣੇ ਜਾਣ-ਪਹਿਚਾਣ ਵਾਲਿਆਂ 18 ਵਿਅਕਤੀਆਂ ਤੋਂ ਉਧਾਰ ਫੜ ਕੇ ਕੰਮ ਚਲਾਇਆ। ਦੂਸਰੀ ਕਿਸ਼ਤ 27.50 ਲੱਖ ਰੁਪਏ ਆੜ੍ਹਤੀਆਂ ਤੇ ਹੋਰਾਂ ਤੋਂ ਫੜ ਕੇ ਪੂਰੀ ਕੀਤੀ । ਊਸ ਦੀ ਧੀ ਜੋ ਕਿ ਪੇਸ਼ੇ ਵਜੋਂ ਵਕੀਲ ਹੈ ਨੇ ਆਪਣੇ ਪਤੀ ਨਾਲ ਮਿਲੇ ਕੇ ਧੋਖੇ ਨਾਲ ਮੇਰੀ ਉਮਰ ਵੱਧ ਹੋਣ ਦਾ ਬਹਾਨਾ ਘੜ ਕੇ ਪੰਪ ਪਹਿਲਾਂ 49 ਫ਼ੀਸਦ ਤੇ ਬਾਅਦ ਵਿੱਚ 51 ਫ਼ੀਸਦ ਆਪਣੇ ਨਾਮ ਕਰਵਾ ਲਿਆ। ਉਨ੍ਹਾਂ ਐੈੱਸਐੱਸਪੀ ਵਿਵੇਕਸ਼ੀਲ ਸੋਨੀ ਨੂੰ ਇਸ ਸਬੰਧੀ ਗੁਹਾਰ ਲਗਾਈ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਸਬੰਧੀ ਉਨ੍ਹਾਂ ਨੂੰ ਸਰੀਰਕ ਪੱਖੋਂ ਕੋਈ ਵੀ ਨੁਕਸਾਨ ਹੋਇਆ ਤਾਂ ਧੀ-ਜਵਾਈ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਸੰਧੂ ਦੀ ਧੀ ਵਰਿੰਦਰਪਾਲ ਕੌਰ ਅਤੇ ਜਵਾਈ ਤਰਸੇਮ ਸਿੰਘ ਨੇ ਲਗਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਾਡੇ ਕੋਲ ਹਰਦੇਵ ਸੰਧੂ ਵੱਲੋਂ ਲਿਖੇ ਦਸਤਾਵੇਜ਼ ਮੌਜੂਦ ਹਨ। ਇਸ ਮਾਮਲੇ ਦੀ ਪੈਰਵੀ ਕਰ ਰਹੇ ਡੀਐੱਸਪੀ ਜਗਰਾਉਂ ਨੇ ਵੀ ਸੱਚ ਦਾ ਸਾਥ ਦਿੱਤਾ ਹੈ। ਊਨ੍ਹਾਂ ਕਿਹਾ ਕਿ ਊਹ ਅਦਾਲਤ ਦਾ ਸਹਾਰਾ ਲੈਣਗੇ।