ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਜੁਲਾਈ
ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਦੇਰ ਰਾਤ ਆਪਣੇ ਘਰ ਵਿਚ ਇਕੱਲੀ 23 ਸਾਲਾਂ ਦੀ ਨੌਜਵਾਨ ਲੜਕੀ ਬਲਵੀਰ ਕੌਰ ਦਾ ਡੰਡਿਆਂ ਨਾਲ ਕੁੱਟਣ ਬਾਅਦ ਚੁੰਨੀ ਨਾਲ ਗਲ਼ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਥਾਣਾ ਸੁਧਾਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਰਿਟਾਇਰਡ ਕੈਪਟਨ ਮੇਵਾ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਲੁਧਿਆਣਾ ਦਿਹਾਤੀ ਪੁਲੀਸ ਦੇ ਮੁਖੀ ਵਿਵੇਕਸ਼ੀਲ ਸੋਨੀ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਨਾਲ ਪੁਲੀਸ ਕਪਤਾਨ ਜਾਂਚ ਰਾਜਬੀਰ ਸਿੰਘ, ਉਪ ਪੁਲਿਸ ਕਪਤਾਨ ਦਾਖਾ ਗੁਰਬੰਸ ਸਿੰਘ ਬੈਂਸ ਅਤੇ ਥਾਣਾ ਸੁਧਾਰ ਦੇ ਮੁਖੀ ਅਜਾਇਬ ਸਿੰਘ ਵੀ ਪੁੱਜੇ। ਮ੍ਰਿਤਕ ਬਲਵੀਰ ਕੌਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਡਾਕਟਰ ਨਵਜੋਤ ਕੌਰ, ਡਾਕਟਰ ਗੁਰਪ੍ਰੀਤ ਕੌਰ ਅਤੇ ਡਾਕਟਰ ਵਰਿੰਦਰ ਜੋਸ਼ੀ ’ਤੇ ਅਧਾਰਿਤ ਬੋਰਡ ਵੱਲੋਂ ਕੀਤਾ ਗਿਆ। ਖ਼ੂਨ ਨਾਲ ਲੱਥਪੱਥ ਮਿਲੀ ਲਾਸ਼ ਦੇ ਪੋਸਟਮਾਰਟਮ ਸਮੇਂ ਕਈ ਨਮੂਨੇ ਹਾਸਲ ਕਰ ਕੇ ਜਾਂਚ ਲਈ ਭੇਜੇ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ। ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਕੈਪਟਨ ਮੇਵਾ ਸਿੰਘ ਦੀ ਪਹਿਲੀ ਪਤਨੀ ਪਰਮਜੀਤ ਕੌਰ ਦੀ ਮੌਤ ਬਾਅਦ ਉਸ ਦਾ ਵਿਆਹ ਬਲਵਿੰਦਰ ਕੌਰ ਨਾਲ ਹੋਇਆ ਸੀ ਅਤੇ ਬਲਵੀਰ ਕੌਰ ਬਲਵਿੰਦਰ ਕੌਰ ਦੇ ਪਹਿਲੇ ਪਤੀ ਦੀ ਧੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਮਾਪੇ ਸ਼ਾਮ ਚਾਰ ਕੁ ਵਜੇ ਰਿਸ਼ਤੇਦਾਰੀ ਵਿਚ ਗਏ ਸਨ, ਜਦੋਂ ਉਹ ਦੇਰ ਸ਼ਾਮ ਘਰ ਆਏ ਤਾਂ ਲੜਕੀ ਬੇਸੁੱਧ ਪਈ ਸੀ। ਮਾਪੇ ਜਦੋਂ ਇਲਾਜ ਲਈ ਸਰਕਾਰੀ ਹਸਪਤਾਲ ਸੁਧਾਰ ਲੈ ਕੇ ਗਏ, ਪਰ ਕੋਈ ਡਾਕਟਰ ਨਾ ਹੋਣ ਕਾਰਨ ਰਾਏਕੋਟ ਦੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚੋਂ ਚਾਰ ਲੱਖ ਤੋਂ ਵਧੇਰੇ ਦੇ ਗਹਿਣੇ ਵੀ ਗ਼ਾਇਬ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਘਰ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਲੈ ਲਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਘਰ ਵਿਚ ਜਬਰੀ ਦਾਖ਼ਲੇ ਦਾ ਕੋਈ ਸੰਕੇਤ ਨਹੀਂ ਹੈ।