ਗਗਨਦੀਪ ਅਰੋੜਾ
ਲੁਧਿਆਣਾ, 5 ਮਾਰਚ
ਸਨਅਤੀ ਸ਼ਹਿਰ ਦੇ ਕਾਲਜ ਰੋਡ ’ਤੇ ਨਾਜਾਇਜ਼ ਉਸਾਰੀ ਨੂੰ ਤੋੜਨ ਗਏ ਇਮਾਰਤ ਬ੍ਰਾਂਚ ਮੁਲਾਜ਼ਮਾਂ ਤੋਂ ਇਮਾਰਤ ਮਾਲਕ ਨੇ ਡਰਿੱਲ ਮਸ਼ੀਨਾਂ ਖੋਹ ਲਈਆਂ। ਉੱਥੇ ਹੀ ਮੁਲਾਜ਼ਮਾਂ ਨੂੰ ਪੂਰਾ ਕੰਮ ਵੀ ਨਹੀਂ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਐੱਸਟੀਪੀ ਸੁਰਿੰਦਰ ਬਿੰਦਰਾ ਨੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਇਮਾਰਤ ਮਾਲਕ ਦੇ ਖਿਲਾਫ਼ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੋ ਚੁੱਕੀਆਂ ਹਨ, ਪਰ ਹਾਲੇ ਤੱਕ ਕੋਈ ਮਾਮਲਾ ਦਰਜ ਨਹੀਂ ਹੋ ਸਕਿਆ। ਪੁਲੀਸ ਕਮਿਸ਼ਨਰ ਨੂੰ ਚਾਰ ਮਾਰਚ ਨੂੰ ਭੇਜੀ ਸ਼ਿਕਾਇਤ ’ਚ ਸੁਰਿੰਦਰ ਬਿੰਦਰਾ ਨੇ ਦੱਸਿਆ ਕਿ 28 ਫਰਵਰੀ ਨੂੰ ਬਿਲਡਿੰਗ ਬ੍ਰਾਂਚ ਦੀ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਲਜ ਰੋਡ ’ਤੇ ਬੁੱਕ ਸਟੋਰ ਮਾਲਕ ਨਾਜਾਇਜ਼ ਤਰੀਕੇ ਨਾਲ ਇਮਾਰਤ ਦੀ ਉਸਾਰੀ ਕਰ ਰਿਹਾ ਹੈ। ਸ਼ਿਕਾਇਤ ਦੇ ਆਧਾਰ ’ਤੇ ਇਮਾਰਤ ਬ੍ਰਾਂਚ ਦੀ ਟੀਮ ਮੌਕੇ ’ਤੇ ਭੇਜੀ ਗਈ। ਉਨ੍ਹਾਂ ਦੀ ਟੀਮ ਨੇ ਜਿਵੇਂ ਹੀ ਨਾਜਾਇਜ਼ ਉਸਾਰੀ ਨੂੰ ਤੋੜਨਾ ਸ਼ੁਰੂ ਕੀਤਾ ਤਾਂ ਬਿਲਡਿੰਗ ਮਾਲਕ ਵੱਲੋਂ ਉਨ੍ਹਾਂ ਦਾ ਕੰਮ ਰੋਕ ਦਿੱਤਾ ਗਿਆ। ਇਸ ਦੇ ਬਾਵਜੂਦ ਜਿਵੇਂ ਮੁਲਾਜ਼ਮਾਂ ਨੇ ਡਰਿੱਲ ਮਸ਼ੀਨ ਨਾਲ ਪਿੱਲਰ ਨੂੰ ਤੋੜਨਾ ਸ਼ੁਰੂ ਕੀਤਾ, ਇਮਾਤਰ ਦੇ ਮਾਲਕ ਤੇ ਉਸ ਦੇ ਸਹਿਯੋਗੀ ਵਿੱਚ ਆ ਗਏ। ਉਨ੍ਹਾਂ ਮੁਲਾਜ਼ਮਾਂ ਦੇ ਹੱਥੋਂ ਡਰਿੱਲ ਮਸ਼ੀਨਾਂ ਖੋਹ ਲਈਆਂ। ਹੁਣ ਤੱਕ ਉਨ੍ਹਾਂ ਦੀਆਂ ਮਸ਼ੀਨਾਂ ਨੂੰ ਵਾਪਸ ਨਹੀਂ ਕੀਤਾ ਗਿਆ।